We Believe JesusFé, Esperança e Nova Vida

ਇਬਰਾਨੀ 12

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਇਬਰਾਨੀ 11 ਇਬਰਾਨੀ ਇਬਰਾਨੀ 13 →

1ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।

2ਅਤੇ ਯਿਸੂ ਦੀ ਵੱਲ ਵੇਖਦੇ ਰਹੀਏ ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਸ ਨੇ ਉਸ ਅਨੰਦ ਲਈ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਸ਼ਰਮ ਨੂੰ ਤੁਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।

3ਤੁਸੀਂ ਉਸ ਵੱਲ ਧਿਆਨ ਕਰੋ ਜਿਸ ਨੇ ਆਪਣੇ ਉੱਤੇ ਪਾਪੀਆਂ ਦਾ ਐਨਾ ਵਿਦਰੋਹ ਸਹਿ ਲਿਆ ਕਿ ਇਹ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਮਨ ਵਿੱਚ ਢਿੱਲੇ ਪੈ ਜਾਓ।

4ਤੁਸੀਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਹਾਏ ਜਾਣ ਤੱਕ ਸਾਹਮਣਾ ਨਹੀਂ ਕੀਤਾ।

5ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗੂੰ ਸਮਝਿਆ ਜਾਂਦਾ ਹੈ, - ਹੇ ਮੇਰੇ ਪੁੱਤਰ ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਸਾਹਸ ਨਾ ਛੱਡ,

6ਕਿਉਂ ਜੋ ਪ੍ਰਭੂ ਜਿਸ ਦੇ ਨਾਲ ਪਿਆਰ ਕਰਦਾ ਹੈ, ਉਸੇ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤਰ ਨੂੰ ਜਿਸ ਨੂੰ ਉਹ ਕਬੂਲ ਕਰਦਾ ਹੈ, ਉਹ ਕੋਰੜੇ ਮਾਰਦਾ ਹੈ।

7ਤੁਸੀਂ ਦੁੱਖ ਨੂੰ ਤਾੜਨਾ ਦੀ ਤਰ੍ਹਾਂ ਸਹਿ ਲਵੋ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਕਿਉਂ ਜੋ ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ?

8ਪਰ ਜੇ ਤੁਹਾਡੀ ਤਾੜਨਾ ਨਹੀਂ ਹੋਈ ਜੋ ਸਭਨਾਂ ਦੀ ਹੁੰਦੀ ਹੈ ਤਾਂ ਤੁਸੀਂ ਹਰਾਮ ਦੀ ਸੰਤਾਨ ਹੋ!

9ਫੇਰ ਸਾਡੇ ਸਰੀਰਕ ਪਿਉ ਜਿਹੜੇ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਫਿਰ ਵੀ ਉਹਨਾਂ ਦਾ ਆਦਰ ਕੀਤਾ। ਤਾਂ ਭਲਾ, ਅਸੀਂ ਆਤਮਿਆਂ ਦੇ ਪਿਤਾ ਦੇ ਵਧੇਰੇ ਅਧੀਨ ਨਾ ਹੋਈਏ ਅਤੇ ਜੀਵੀਏ?

10ਉਹ ਤਾਂ ਥੋੜ੍ਹੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ ਪਰ ਇਹ ਲਾਭ ਦੇ ਲਈ ਕਰਦਾ ਹੈ ਭਈ ਅਸੀਂ ਉਹ ਦੀ ਪਵਿੱਤਰਤਾਈ ਵਿੱਚ ਸਾਂਝੀ ਹੋਈਏ।

11ਸਾਰੀ ਤਾੜਨਾ ਤਾਂ ਉਸ ਵੇਲੇ ਅਨੰਦ ਦੀ ਨਹੀਂ ਸਗੋਂ ਦੁੱਖ ਦੀ ਗੱਲ ਜਾਪਦੀ ਹੈ ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਖਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।

12ਇਸ ਲਈ ਢਿੱਲਿਆਂ ਹੱਥਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ।

13ਅਤੇ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਭਈ ਜਿਹੜਾ ਲੰਗੜਾ ਹੋਵੇ ਉਹ ਜੋੜੋਂ ਨਾ ਉੱਖੜੇ ਸਗੋਂ ਚੰਗਾ ਹੋ ਜਾਵੇ!।

14ਸਭਨਾਂ ਨਾਲ ਮੇਲ-ਮਿਲਾਪ ਰੱਖੋ ਅਤੇ ਪਵਿੱਤਰਤਾਈ ਦੀ ਭਾਲ ਕਰੋ ਜਿਹ ਦੇ ਬਿਨ੍ਹਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ।

15ਵੇਖਣਾ ਭਈ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁੜੱਤਣ ਦੀ ਜੜ੍ਹ ਫੁੱਟ ਕੇ ਦੁੱਖ ਦੇਵੇ ਅਤੇ ਉਹ ਦੇ ਕਾਰਨ ਬਹੁਤਿਆਂ ਦਾ ਜੀਵਨ ਭਰਿਸ਼ਟ ਹੋ ਜਾਵੇ।

16ਅਤੇ ਨਾ ਹੋਵੇ ਭਈ ਕੋਈ ਹਰਾਮਕਾਰ ਅਥਵਾ ਏਸਾਉ ਦੀ ਤਰ੍ਹਾਂ ਕੁਧਰਮੀ ਹੋਵੇ ਜਿਸ ਨੇ ਇੱਕ ਵੇਲੇ ਦੇ ਭੋਜਨ ਲਈ ਆਪਣੇ ਪਹਿਲੌਠੇ ਦਾ ਹੋਣ ਦਾ ਹੱਕ ਵੇਚ ਸੁੱਟਿਆ।

17ਕਿਉਂ ਜੋ ਤੁਸੀਂ ਜਾਣਦੇ ਹੋ ਕਿ ਬਾਅਦ ਵਿੱਚ ਜਦੋਂ ਉਹ ਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਵੀ ਤਾਂ ਉਹ ਅਪਰਵਾਨ ਹੋਇਆ, ਕਿਉਂਕਿ ਉਹ ਨੂੰ ਤੋਬਾ ਕਰਨ ਦਾ ਮੌਕਾ ਨਾ ਮਿਲਿਆ ਭਾਵੇਂ ਉਹ ਨੇ ਹੰਝੂ ਵਹਾ ਕੇ ਉਹ ਨੂੰ ਭਾਲਿਆ।

18ਤੁਸੀਂ ਤਾਂ ਉਸ ਪਹਾੜ ਕੋਲ ਨਹੀਂ ਆਏ ਹੋ ਜਿਹ ਨੂੰ ਹੱਥ ਲਾਇਆ ਜਾਵੇ, ਜਿਹੜਾ ਅੱਗ ਨਾਲ ਬਲ ਉੱਠਿਆ, ਨਾ ਕਾਲੀ ਘਟਾ, ਨਾ ਘੁੱਪ ਹਨ੍ਹੇਰੇ, ਨਾ ਝੱਖੜ-ਝੋਲੇ,

19ਨਾ ਤੁਰ੍ਹੀ ਦੇ ਸ਼ਬਦ, ਨਾ ਗੱਲਾਂ ਦੀ ਅਵਾਜ਼ ਕੋਲ ਜਿਹ ਦੇ ਸੁਣਨ ਵਾਲਿਆਂ ਨੇ ਅਰਦਾਸ ਕੀਤੀ ਕਿ ਹੋਰ ਬਚਨ ਸਾਨੂੰ ਨਾ ਆਖਿਆ ਜਾਵੇ!

20ਕਿਉਂ ਜੋ ਉਹ ਉਸ ਹੁਕਮ ਨੂੰ ਸਹਾਰ ਨਾ ਸਕੇ ਭਈ ਜੇ ਪਸ਼ੂ ਵੀ ਪਰਬਤ ਨੂੰ ਛੂਹੇ ਤਾਂ ਵੱਟਿਆਂ ਨਾਲ ਮਾਰਿਆ ਜਾਵੇ।

21ਅਤੇ ਉਹ ਜੋ ਦਿਖਾਈ ਦਿੱਤਾ ਸੋ ਅਜਿਹਾ ਭਿਆਨਕ ਸੀ ਜੋ ਮੂਸਾ ਨੇ ਆਖਿਆ ਕਿ ਮੈਂ ਬਹੁਤ ਹੀ ਡਰਦਾ ਅਤੇ ਥਰ-ਥਰ ਕੰਬਦਾ ਹਾਂ!

22ਸਗੋਂ ਤੁਸੀਂ ਸੀਯੋਨ ਦੇ ਪਹਾੜ ਕੋਲ ਆਏ ਹੋ ਅਤੇ ਅੱਤ ਮਹਾਨ ਪਰਮੇਸ਼ੁਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ।

23ਅਤੇ ਪਲੋਠਿਆਂ ਦੀ ਕਲੀਸਿਯਾ ਕੋਲ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ੁਰ ਕੋਲ ਜਿਹੜਾ ਸਾਰਿਆਂ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕੀਤਿਆਂ ਹੋਇਆ ਧਰਮੀਆਂ ਦੇ ਆਤਮਿਆਂ ਕੋਲ।

24ਅਤੇ ਯਿਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛਿੜਕੇ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ।

25ਵੇਖੋ, ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਉਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਉਸ ਤੋਂ ਕਿਵੇਂ ਬਚਾਂਗੇ ਜਿਹੜਾ ਸਵਰਗ ਉੱਤੋਂ ਚਿਤਾਰਦਾ ਹੈ।

26ਜਿਹ ਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ ਪਰ ਹੁਣ ਉਹ ਨੇ ਇਹ ਕਹਿ ਕੇ ਬਚਨ ਦਿੱਤਾ ਹੈ ਭਈ ਫੇਰ ਇੱਕ ਵਾਰੀ ਮੈਂ ਕੇਵਲ ਧਰਤੀ ਨੂੰ ਹੀ ਨਹੀਂ ਸਗੋਂ ਅਕਾਸ਼ ਨੂੰ ਵੀ ਹਿਲਾ ਦਿਆਂਗਾ।

27ਅਤੇ ਇਹ ਜਿਹੜਾ ਬਚਨ ਹੈ ਕਿ ਫੇਰ ਇੱਕ ਵਾਰੀ, ਇਹ ਦੱਸਦਾ ਹੈ ਕਿ ਬਣਾਈਆਂ ਹੋਈਆਂ ਵਸਤਾਂ ਵਾਂਗੂੰ ਉਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ, ਤਾਂ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣ।

28ਸੋ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਡਰ ਨਾਲ ਪਰਮੇਸ਼ੁਰ ਦੀ ਉਹ ਬੰਦਗੀ ਕਰੀਏ ਜੋ ਉਹ ਦੇ ਮਨ ਨੂੰ ਚੰਗੀ ਲੱਗੇ,

29ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।

← ਇਬਰਾਨੀ 11 ਇਬਰਾਨੀ ਇਬਰਾਨੀ 13 →