We Believe JesusFé, Esperança e Nova Vida

ਨਹੂਮ 1

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

ਨਹੂਮ ਨਹੂਮ 2 →

1ਨੀਨਵਾਹ ਦੇ ਵਿਖੇ ਅਗੰਮ ਵਾਕ। ਅਲਕੋਸ਼ੀ ਨਹੂਮ ਦੇ ਦਰਸ਼ਣ ਦੀ ਪੋਥੀ।

2ਯਹੋਵਾਹ ਅਣਖੀ ਅਤੇ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਯਹੋਵਾਹ ਬਦਲਾ ਲੈਣ ਵਾਲਾ ਅਤੇ ਕ੍ਰੋਧ ਕਰਨ ਵਾਲਾ ਹੈ, ਯਹੋਵਾਹ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਵਾਲਾ ਹੈ ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ!

3ਯਹੋਵਾਹ ਕ੍ਰੋਧ ਵਿੱਚ ਧੀਰਜਵਾਨ ਅਤੇ ਬਲ ਵਿੱਚ ਮਹਾਨ ਹੈ ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ। ਯਹੋਵਾਹ ਦਾ ਰਾਹ ਵਾਵਰੋਲੇ ਅਤੇ ਤੂਫ਼ਾਨ ਵਿੱਚ ਹੈ ਅਤੇ ਬੱਦਲ ਉਹ ਦੇ ਚਰਨਾਂ ਦੀ ਧੂੜ ਹਨ।

4ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਸੁਕਾ ਦਿੰਦਾ ਹੈ, ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ, ਬਾਸ਼ਾਨ ਅਤੇ ਕਰਮਲ ਕੁਮਲਾ ਜਾਂਦੇ ਹਨ ਅਤੇ ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ।

5ਪਰਬਤ ਉਹ ਦੇ ਅੱਗੇ ਕੰਬਦੇ ਹਨ, ਟਿੱਲੇ ਪਿਘਲ ਜਾਂਦੇ ਹਨ, ਧਰਤੀ ਉਹ ਦੇ ਅੱਗੇ ਕੰਬ ਜਾਂਦੀ ਹੈ, ਜਗਤ ਅਤੇ ਉਸ ਦੇ ਸਾਰੇ ਵਾਸੀ ਵੀ ਉਸ ਦੇ ਅੱਗੇ ਕੰਬ ਜਾਂਦੇ ਹਨ।

6ਉਹ ਦੇ ਕਹਿਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ? ਉਹ ਦੇ ਕ੍ਰੋਧ ਦੀ ਤੇਜੀ ਨੂੰ ਕੌਣ ਝੱਲ ਸਕਦਾ ਹੈ? ਉਹ ਦਾ ਗੁੱਸਾ ਅੱਗ ਵਾਂਗੂੰ ਵਹਾਇਆ ਜਾਂਦਾ ਹੈ ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ!

7ਯਹੋਵਾਹ ਭਲਾ ਹੈ, ਦੁੱਖ ਦੇ ਦਿਨ ਵਿੱਚ ਇੱਕ ਗੜ੍ਹ ਹੈ ਅਤੇ ਉਹ ਆਪਣੇ ਵਿੱਚ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ।

8ਪਰ ਉੱਛਲਦੇ ਹੜ੍ਹ ਨਾਲ ਉਹ ਉਸ ਸਥਾਨ ਦਾ ਪੂਰਾ ਅੰਤ ਕਰ ਦੇਵੇਗਾ ਅਤੇ ਹਨੇਰੇ ਵਿੱਚ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ।

9ਤੁਸੀਂ ਯਹੋਵਾਹ ਦੇ ਵਿਰੁੱਧ ਕਿਹੜੀ ਯੋਜਨਾ ਬਣਾਉਂਦੇ ਹੋ? ਉਹ ਉਸਦਾ ਪੂਰਾ ਅੰਤ ਕਰ ਦੇਵੇਗਾ, ਬਿਪਤਾ ਦੂਜੀ ਵਾਰੀ ਨਾ ਉੱਠੇਗੀ!

10ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ।

11ਤੇਰੇ ਵਿੱਚੋਂ ਇੱਕ ਨਿੱਕਲਿਆ ਜੋ ਯਹੋਵਾਹ ਦੇ ਵਿਰੁੱਧ ਬਦੀ ਸੋਚਦਾ ਹੈ, ਜੋ ਸ਼ਤਾਨੀ ਸਿੱਖਿਆ ਦਿੰਦਾ ਹੈ।

12ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਭਾਵੇਂ ਉਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ, ਤਾਂ ਵੀ ਉਹ ਵੱਢੇ ਜਾਣਗੇ ਅਤੇ ਉਹ ਲੰਘ ਜਾਵੇਗਾ, ਭਾਵੇਂ ਮੈਂ ਤੈਨੂੰ ਦੁੱਖ ਦਿੱਤਾ, ਮੈਂ ਤੈਨੂੰ ਦੁੱਖ ਫਿਰ ਨਾ ਦਿਆਂਗਾ।

13ਹੁਣ ਮੈਂ ਉਸ ਦੇ ਜੂਲੇ ਨੂੰ ਤੇਰੇ ਉੱਤੋਂ ਭੰਨ ਸੁੱਟਾਂਗਾ ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁੱਟਾਂਗਾ।

14ਯਹੋਵਾਹ ਨੇ ਤੇਰੇ ਬਾਰੇ ਹੁਕਮ ਦਿੱਤਾ, ਕਿ ਤੇਰੇ ਨਾਮ ਦਾ ਵੰਸ਼ ਫੇਰ ਨਾ ਰਹੇਗਾ, ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉੱਕਰੀ ਹੋਈ ਮੂਰਤ ਅਤੇ ਢਾਲ਼ੇ ਹੋਏ ਬੁੱਤ ਕੱਟ ਸੁੱਟਾਂਗਾ, ਮੈਂ ਤੇਰੀ ਕਬਰ ਪੁੱਟਾਂਗਾ, ਕਿਉਂ ਜੋ ਤੂੰ ਘਿਣਾਉਣਾ ਹੈਂ!

15ਵੇਖੋ, ਪਹਾੜਾਂ ਉੱਤੇ ਖੁਸ਼ਖਬਰੀ ਦੇ ਪ੍ਰਚਾਰਕ, ਸ਼ਾਂਤੀ ਦੇ ਸੁਣਾਉਣ ਵਾਲੇ ਦੇ ਪੈਰ! ਹੇ ਯਹੂਦਾਹ, ਆਪਣੇ ਪਰਬਾਂ ਨੂੰ ਮਨਾ, ਆਪਣੀਆਂ ਸੁੱਖਣਾਂ ਨੂੰ ਪੂਰਾ ਕਰ, ਕਿਉਂ ਜੋ ਦੁਸ਼ਟ ਤੇਰੇ ਵਿਰੁੱਧ ਫੇਰ ਕਦੇ ਨਹੀਂ ਲੰਘੇਗਾ, ਉਹ ਪੂਰੀ ਤਰ੍ਹਾਂ ਕੱਟਿਆ ਗਿਆ ਹੈ!

ਨਹੂਮ ਨਹੂਮ 2 →