We Believe JesusFé, Esperança e Nova Vida

ਮੱਤੀ 27

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਮੱਤੀ 26 ਮੱਤੀ ਮੱਤੀ 28 →

1ਜਦ ਸਵੇਰ ਹੋਈ ਤਾਂ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਯੋਜਨਾਂ ਬਣਾਈ ਜੋ ਉਹ ਨੂੰ ਜਾਨੋਂ ਮਾਰ ਸੁੱਟਣ।

2ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ।

3ਤਦ ਯਹੂਦਾ ਜਿਸ ਨੇ ਉਸ ਨੂੰ ਫੜ੍ਹਵਾਇਆ ਸੀ, ਜਦੋਂ ਉਹ ਨੇ ਇਹ ਵੇਖਿਆ ਕਿ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ

4ਅਤੇ ਬੋਲਿਆ, ਮੈਂ ਪਾਪ ਕੀਤਾ, ਜੋ ਨਿਰਦੋਸ਼ ਜਾਨ ਨੂੰ ਫੜ੍ਹਵਾ ਦਿੱਤਾ। ਪਰ ਉਹ ਬੋਲੇ, ਸਾਨੂੰ ਕੀ? ਤੂੰ ਹੀ ਜਾਣ।

5ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਤੇ ਜਾ ਕੇ ਫਾਹਾ ਲੈ ਲਿਆ।

6ਅਤੇ ਮੁੱਖ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾਂ ਯੋਗ ਨਹੀਂ ਕਿਉਂਕਿ ਇਹ ਲਹੂ ਦਾ ਮੁੱਲ ਹੈ।

7ਤਾਂ ਉਨ੍ਹਾਂ ਨੇ ਯੋਜਨਾਂ ਬਣਾ ਕੇ ਉਨ੍ਹਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ।

8ਇਸ ਕਾਰਨ ਉਹ ਖੇਤ ਅੱਜ ਤੱਕ ਲਹੂ ਦਾ ਖੇਤ ਅਖਵਾਉਂਦਾ ਹੈ।

9ਤਦ ਜਿਹੜਾ ਬਚਨ ਯਿਰਮਿਯਾਹ ਨਬੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ, ਕਿ ਉਨ੍ਹਾਂ ਨੇ ਤੀਹ ਸ਼ਕੇਲ ਲਏ ਅਰਥਾਤ ਉਸ ਦਾ ਮੁੱਲ ਜਿਸ ਦਾ ਇਸਰਾਏਲ ਦੇ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ।

10ਅਤੇ ਉਨ੍ਹਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਕੀਤੀ।

11ਯਿਸੂ ਹਾਕਮ ਦੇ ਸਾਹਮਣੇ ਖੜ੍ਹਾ ਸੀ ਅਤੇ ਹਾਕਮ ਨੇ ਉਸ ਤੋਂ ਇਹ ਪੁੱਛਿਆ, ਕੀ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਸੱਚ ਆਖਿਆ ਹੈ।

12ਜਦ ਮੁੱਖ ਜਾਜਕ ਅਤੇ ਬਜ਼ੁਰਗ ਉਸ ਉੱਤੇ ਦੋਸ਼ ਲਾਉਂਦੇ ਸਨ, ਉਹ ਕੁਝ ਜ਼ਵਾਬ ਨਹੀਂ ਸੀ ਦਿੰਦਾ।

13ਤਦ ਪਿਲਾਤੁਸ ਨੇ ਉਹ ਨੂੰ ਕਿਹਾ, ਤੂੰ ਸੁਣਦਾ ਨਹੀਂ, ਜੋ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ?

14ਪਰ ਉਸ ਨੇ ਉਹ ਨੂੰ ਇੱਕ ਗੱਲ ਦਾ ਵੀ ਜ਼ਵਾਬ ਨਾ ਦਿੱਤਾ, ਇੱਥੋਂ ਤੱਕ ਕਿ ਹਾਕਮ ਬਹੁਤ ਹੈਰਾਨ ਹੋਇਆ।

15ਅਤੇ ਹਾਕਮ ਦਾ ਇਹ ਰਿਵਾਜ਼ ਸੀ ਜੋ ਉਸ ਤਿਉਹਾਰ ਤੇ ਲੋਕਾਂ ਦੇ ਲਈ ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀ, ਜਿਸ ਨੂੰ ਉਹ ਚਾਹੁੰਦੇ ਸਨ।

16ਅਤੇ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ।

17ਸੋ ਜਦ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ, ਬਰੱਬਾ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ?

18ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਉਸ ਨੂੰ ਈਰਖਾ ਦੇ ਕਾਰਨ ਹਵਾਲੇ ਕੀਤਾ ਸੀ।

19ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਹ ਦੀ ਪਤਨੀ ਨੇ ਉਹ ਨੂੰ ਸੁਨੇਹਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫ਼ਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਦੇਖਿਆ।

20ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਭੜਕਾਇਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ।

21ਫੇਰ ਹਾਕਮ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ? ਉਹ ਬੋਲੇ, ਬਰੱਬਾ ਨੂੰ!

22ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ, ਮੈਂ ਕੀ ਕਰਾਂ? ਉਹ ਸਭ ਬੋਲੇ, ਸਲੀਬ ਤੇ ਚੜ੍ਹਾ ਦਿਓ!

23ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ? ਪਰ ਉਨ੍ਹਾਂ ਨੇ ਹੋਰ ਵੀ ਰੌਲ਼ਾ ਪਾ ਕੇ ਆਖਿਆ, ਇਸ ਨੂੰ ਸਲੀਬ ਤੇ ਚੜ੍ਹਾ ਦਿਓ!

24ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ, ਸਗੋਂ ਹੋਰ ਵੀ ਰੌਲ਼ਾ ਪੈਂਦਾ ਜਾਂਦਾ ਹੈ, ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ! ਤੁਸੀਂ ਜਾਣੋ।

25ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਤੇ ਸਾਡੀ ਔਲਾਦ ਉੱਤੇ ਹੋਵੇ!

26ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੇ ਲਈ ਛੱਡ ਦਿੱਤਾ, ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ।

27ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦੀਵਾਨਖ਼ਾਨੇ ਵਿੱਚ ਲੈ ਜਾ ਕੇ, ਸਾਰੇ ਲੋਕ ਉਹ ਦੇ ਕੋਲ ਇਕੱਠੇ ਕੀਤੇ।

28ਅਤੇ ਉਹ ਦੇ ਕੱਪੜੇ ਲਾਹ ਕੇ ਕਿਰਮਚੀ ਚੋਗਾ ਉਹ ਨੂੰ ਪੁਆਇਆ।

29ਅਤੇ ਉਨ੍ਹਾਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹ ਦੇ ਸੱਜੇ ਹੱਥ ਵਿੱਚ ਦਿੱਤਾ ਅਤੇ ਉਹ ਦੇ ਸਾਹਮਣੇ ਗੋਡੇ ਨਿਵਾਏ ਅਤੇ ਉਹ ਨੂੰ ਮਖ਼ੌਲ ਕਰ ਕੇ ਆਖਿਆ, ਹੇ ਯਹੂਦੀਆਂ ਦੇ ਰਾਜਾ, ਨਮਸਕਾਰ!

30ਅਤੇ ਉਨ੍ਹਾਂ ਨੇ ਉਸ ਉੱਤੇ ਥੁੱਕਿਆ ਅਤੇ ਉਹ ਕਾਨਾ ਲੈ ਕੇ ਉਹ ਦੇ ਸਿਰ ਉੱਤੇ ਮਾਰਿਆ।

31ਜਦ ਉਹ ਮਖ਼ੌਲ ਕਰ ਹਟੇ ਤਦ ਉਨ੍ਹਾਂ ਨੇ ਉਹ ਚੋਗਾ ਉਹ ਦੇ ਉੱਤੋਂ ਲਾਹ ਲਿਆ ਅਤੇ ਉਸੇ ਦੇ ਕੱਪੜੇ ਉਹ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹ ਨੂੰ ਲੈ ਗਏ।

32ਜਦ ਉਹ ਬਾਹਰ ਜਾਂਦੇ ਸਨ ਉਨ੍ਹਾਂ ਨੇ ਸ਼ਮਊਨ ਨਾਮ ਦੇ ਇੱਕ ਕੁਰੇਨੀ ਮਨੁੱਖ ਨੂੰ ਵੇਖਿਆ। ਉਹਨਾਂ ਨੇ ਉਸ ਨੂੰ ਯਿਸੂ ਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜ਼ਬੂਰ ਕੀਤਾ।

33ਅਤੇ ਜਦ ਉਸ ਥਾਂ ਵਿੱਚ ਆਏ ਜਿਹ ਦਾ ਨਾਮ ਗਲਗਥਾ ਅਰਥਾਤ ਖੋਪੜੀ ਦਾ ਥਾਂ ਸੀ।

34ਤਾਂ ਉਨ੍ਹਾਂ ਨੇ ਪਿੱਤ ਨਾਲ ਮਿਲਾਈ ਹੋਈ ਦਾਖ਼ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ।

35ਤਦ ਉਨ੍ਹਾਂ ਨੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾ ਕੇ ਉਹ ਦੇ ਕੱਪੜੇ ਵੰਡ ਲਏ।

36ਅਤੇ ਬੈਠ ਕੇ ਉਹ ਦੀ ਰਾਖੀ ਕਰਨ ਲੱਗੇ।

37ਉਨ੍ਹਾਂ ਨੇ ਉਹ ਦੇ ਸਿਰ ਦੇ ਉਤਾਹਾਂ ਕਰ ਕੇ ਉਹ ਦੀ ਦੋਸ਼ ਪੱਤ੍ਰੀ ਲਾਈ, “ਇਹ ਯਿਸੂ ਯਹੂਦੀਆਂ ਦਾ ਰਾਜਾ ਹੈ”।

38ਉਸ ਵੇਲੇ ਉਹ ਦੇ ਨਾਲ ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਦੂਜਾ ਖੱਬੇ ਪਾਸੇ।

39ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰ ਕੇ ਅਤੇ ਸਿਰ ਹਿਲਾ ਕੇ ਕਹਿਣ ਲੱਗੇ,

40ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ!

41ਅਤੇ ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਉਪਦੇਸ਼ਕਾਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਮਖ਼ੌਲ ਕੀਤਾ ਅਤੇ ਕਿਹਾ,

42ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬ ਤੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਵਿਸ਼ਵਾਸ ਕਰਾਂਗੇ।

43ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।

44ਅਤੇ ਉਹ ਡਾਕੂ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ, ਇਸੇ ਤਰ੍ਹਾਂ ਉਹ ਨੂੰ ਤਾਅਨੇ ਮਾਰਦੇ ਸਨ।

45ਦੁਪਹਿਰ ਤੋਂ ਲੈ ਕੇ ਤੀਜੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ।

46ਅਤੇ ਤੀਜੇ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ “ਏਲੀ ਏਲੀ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?

47ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜ੍ਹੇ ਸਨ ਸੁਣ ਕੇ ਬੋਲੇ, ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ।

48ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇੱਕ ਦੌੜ ਕੇ ਸਪੰਜ ਲਿਆਇਆ ਅਤੇ ਸਿਰਕੇ ਨਾਲ ਗਿੱਲਾ ਕਰਕੇ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ।

49ਹੋਰਨਾਂ ਆਖਿਆ, ਰਹਿਣ ਦੇ। ਅਸੀਂ ਵੇਖੀਏ ਭਲਾ, ਏਲੀਯਾਹ ਉਹ ਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ?

50ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ।

51ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ।

52ਅਤੇ ਕਬਰਾਂ ਖੁੱਲ੍ਹ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਹੁਤ ਲੋਥਾਂ ਉੱਠਾਈਆਂ ਗਈਆਂ।

53ਜੀ ਉੱਠਣ ਦੇ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ।

54ਸੂਬੇਦਾਰ ਅਤੇ ਜਿਹੜੇ ਉਹ ਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੂਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ!

55ਉੱਥੇ ਬਹੁਤ ਔਰਤਾਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯਿਸੂ ਨੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ।

56ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਯਾਕੂਬ ਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।

57ਜਦ ਸ਼ਾਮ ਹੋਈ ਤਾਂ ਯੂਸੁਫ਼ ਨਾਮ ਦਾ ਅਰਿਮਥੇਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ।

58ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਕੀਤਾ।

59ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲ੍ਹੇਟਿਆ

60ਅਤੇ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ, ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ ਚੱਲਿਆ ਗਿਆ।

61ਅਤੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ।

62ਅਗਲੇ ਦਿਨ ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ ਮੁੱਖ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਤੇ ਬੋਲੇ,

63ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਧੋਖ਼ੇਬਾਜ ਆਪਣੇ ਜਿਉਂਦੇ ਜੀ ਕਹਿ ਗਿਆ ਸੀ, ਜੋ ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ।

64ਇਸ ਲਈ ਹੁਕਮ ਕਰੋ ਜੋ ਤੀਜੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੋ ਇਹ ਗਲਤੀ ਪਹਿਲੀ ਨਾਲੋਂ ਬੁਰੀ ਹੋਵੇਗੀ।

65ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਰੱਖਿਅਕ ਤੁਹਾਡੇ ਕੋਲ ਹਨ। ਜਾਓ, ਜਿਸ ਤਰ੍ਹਾਂ ਸਮਝੋ ਉਹ ਦੀ ਰਾਖੀ ਕਰੋ।

66ਸੋ ਉਹ ਗਏ ਅਤੇ ਪੱਥਰ ਉੱਤੇ ਮੋਹਰ ਲਾ ਕੇ, ਪਹਿਰੇ ਵਾਲਿਆਂ ਕੋਲੋਂ ਕਬਰ ਦੀ ਰਾਖੀ ਕਰਵਾਈ।

← ਮੱਤੀ 26 ਮੱਤੀ ਮੱਤੀ 28 →