We Believe JesusFé, Esperança e Nova Vida

ਮੱਤੀ 24

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਮੱਤੀ 23 ਮੱਤੀ ਮੱਤੀ 25 →

1ਯਿਸੂ ਹੈਕਲ ਵਿੱਚੋਂ ਬਾਹਰ ਨਿੱਕਲ ਕੇ ਜਾ ਰਿਹਾ ਸੀ ਕਿ ਉਹ ਦੇ ਚੇਲੇ ਉਸ ਕੋਲ ਆਏ ਤਾਂ ਕਿ ਹੈਕਲ ਦੀਆਂ ਇਮਾਰਤਾਂ ਉਸ ਨੂੰ ਵਿਖਾਲਣ।

2ਪਰ ਉਸ ਨੇ ਅੱਗੋਂ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇੱਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜੋ ਡੇਗਿਆ ਨਾ ਜਾਵੇ।

3ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?

4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ।

5ਕਿਉਂਕਿ ਬਹੁਤ ਲੋਕ ਮੇਰੇ ਨਾਮ ਤੇ ਤੁਹਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ।

6ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਸਾਵਧਾਨ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ।

7ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ।

8ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ।

9ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।

10ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ।

11ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ।

12ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ।

13ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ।

14ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ।

15ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋਗੇ (ਪੜ੍ਹਨ ਵਾਲਾ ਸਮਝ ਲਵੇ)

16ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।

17ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ।

18ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ।

19ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ!

20ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ।

21ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ।

22ਅਤੇ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ ਪਰ ਉਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।

23ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਇੱਥੇ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ।

24ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭਰਮਾ ਲੈਣ।

25ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ।

26ਇਸ ਲਈ ਜੇ ਉਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ। ਵੇਖੋ ਮਸੀਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸੱਚ ਨਾ ਮੰਨਣਾ।

27ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੱਕ ਦਿਸਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।

28ਜਿੱਥੇ ਲੋਥ ਹੈ, ਉੱਥੇ ਗਿਰਝਾਂ ਇਕੱਠੀਆਂ ਹੋਣਗੀਆਂ।

29ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਬਾਅਦ

30ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।

31ਅਤੇ ਉਹ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਚਾਰੇ ਪਾਸਿਓਂ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੱਕ ਉਹ ਦੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰਨਗੇ।

32ਫੇਰ ਹੰਜ਼ੀਰ ਦੇ ਦਰਖ਼ਤ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ।

33ਇਸੇ ਤਰ੍ਹਾਂ ਤੁਸੀਂ ਵੀ ਜਦ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਕਿ ਉਹ ਨੇੜੇ ਸਗੋਂ ਬੂਹੇ ਉੱਤੇ ਹੈ।

34ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਇਹ ਸਭ ਗੱਲਾਂ ਨਾ ਹੋ ਲੈਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ।

35ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ।

36ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ।

37ਅਤੇ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ।

38ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤੱਕ ਜਦ ਤੱਕ ਨੂਹ ਕਿਸ਼ਤੀ ਉੱਤੇ ਚੜ੍ਹਿਆ।

39ਅਤੇ ਉਹ ਨਹੀਂ ਜਾਣਦੇ ਸਨ ਜਦ ਤੱਕ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੋੜ੍ਹ ਕੇ ਲੈ ਗਈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।

40ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ।

41ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ।

42ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ।

43ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ।

44ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।

45ਉਪਰੰਤ ਉਹ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਕੌਣ ਹੈ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਉੱਤੇ ਪ੍ਰਧਾਨ ਠਹਿਰਾਇਆ ਕਿ ਵੇਲੇ ਸਿਰ ਉਨ੍ਹਾਂ ਨੂੰ ਭੋਜਨ ਦੇਵੇ?

46ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ, ਅਜਿਹਾ ਹੀ ਕਰਦਿਆਂ ਵੇਖੇ।

47ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ।

48ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ

49ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ।

50ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ, ਉਸ ਨੌਕਰ ਦਾ ਮਾਲਕ ਆਵੇਗਾ।

51ਅਤੇ ਉਹ ਨੂੰ ਦੋ ਟੁੱਕੜੇ ਕਰ ਦੇਵੇਗਾ ਅਤੇ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।

← ਮੱਤੀ 23 ਮੱਤੀ ਮੱਤੀ 25 →