We Believe JesusFé, Esperança e Nova Vida

ਮਰਕੁਸ 14

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਮਰਕੁਸ 13 ਮਰਕੁਸ ਮਰਕੁਸ 15 →

1ਦੋ ਦਿਨਾਂ ਦੇ ਬਾਅਦ ਪਸਾਹ ਅਤੇ ਅਖ਼ਮੀਰੀ ਰੋਟੀ ਦਾ ਤਿਉਹਾਰ ਹੋਣ ਵਾਲਾ ਸੀ, ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਹੋਏ ਸਨ ਜੋ ਉਹ ਨੂੰ ਕਿਵੇਂ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ?

2ਪਰ ਉਨ੍ਹਾਂ ਨੇ ਆਖਿਆ, ਤਿਉਹਾਰ ਦੇ ਦਿਨ ਨਹੀਂ ਕਿਤੇ ਲੋਕਾਂ ਵਿੱਚ ਹੰਗਾਮਾ ਨਾ ਹੋਵੇ।

3ਜਦੋਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ, ਤਦ ਇੱਕ ਔਰਤ ਬਹਮੁੱਲਾ ਜਟਾਮਾਂਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਤੋੜ ਕੇ ਉਸ ਦੇ ਸਿਰ ਉੱਤੇ ਡੋਹਲ ਦਿੱਤਾ।

4ਤਦ ਕਈਆਂ ਨੇ ਆਪਣੇ ਮਨ ਵਿੱਚ ਖਿਝ ਕੇ ਆਖਿਆ ਜੋ ਇਸ ਅਤਰ ਦਾ ਇਹ ਨੁਕਸਾਨ ਕਿਉਂ ਕੀਤਾ ਗਿਆ?

5ਕਿਉਂਕਿ ਇਹ ਅਤਰ ਤਿੰਨ ਸੋ ਦਿਨ ਦੀ ਮਜ਼ਦੂਰੀ ਦੀ ਕੀਮਤ ਤੋਂ (ਤਿੰਨ ਸੋ ਦੀਨਾਰ) ਵੀ ਵੱਧ ਨੂੰ ਵੇਚ ਕੇ ਕੰਗਾਲਾਂ ਨੂੰ ਵੰਡਿਆ ਜਾ ਸਕਦਾ ਸੀ, ਸੋ ਉਹ ਉਸ ਔਰਤ ਨੂੰ ਝਿੜਕਣ ਲੱਗੇ।

6ਪਰ ਯਿਸੂ ਨੇ ਆਖਿਆ, ਇਸ ਨੂੰ ਛੱਡ ਦਿਓ, ਕਿਉਂ ਇਸ ਨੂੰ ਸਤਾਉਂਦੇ ਹੋ? ਉਸ ਨੇ ਤਾਂ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ।

7ਕਿਉਂ ਜੋ ਕੰਗਾਲ ਤਾਂ ਸਦਾ ਤੁਹਾਡੇ ਨਾਲ ਰਹਿੰਦੇ ਹਨ, ਅਤੇ ਤੁਸੀਂ ਜਦੋਂ ਚਾਹੋ ਉਦੋਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।

8ਜੋ ਉਹ ਕਰ ਸਕਦੀ ਸੀ ਉਸ ਨੇ ਕੀਤਾ। ਉਸ ਨੇ ਪਹਿਲਾਂ ਹੀ ਮੇਰੇ ਸਰੀਰ ਨੂੰ ਦਫ਼ਨਾਉਣ ਦੀ ਤਿਆਰੀ ਲਈ ਅਤਰ ਮਲਿਆ।

9ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ।

10ਯਹੂਦਾ ਇਸਕਰਿਯੋਤੀ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਮੁੱਖ ਜਾਜਕਾਂ ਕੋਲ ਚੱਲਿਆ ਗਿਆ ਕਿ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ।

11ਅਤੇ ਉਹ ਇਹ ਸੁਣ ਕੇ ਅਨੰਦ ਹੋਏ ਅਤੇ ਉਸ ਨੂੰ ਰੁਪਏ ਦੇਣ ਦਾ ਕਰਾਰ ਕੀਤਾ। ਤਦ ਉਹ ਇਸ ਗੱਲ ਦੇ ਪਿੱਛੇ ਲੱਗਾ ਜੋ ਕਿਸ ਤਰ੍ਹਾਂ ਮੌਕਾ ਪਾ ਕੇ ਉਹ ਨੂੰ ਫੜਵਾ ਦੇਵੇ।

12ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਾਂ ਪਸਾਹ ਦੇ ਲਈ ਬਲੀਦਾਨ ਕਰਦੇ ਹੁੰਦੇ ਸਨ ਤਾਂ ਉਹ ਦੇ ਚੇਲਿਆਂ ਨੇ ਉਹ ਨੂੰ ਕਿਹਾ, ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਜਾ ਕੇ ਤੇਰੇ ਪਸਾਹ ਖਾਣ ਲਈ ਤਿਆਰੀ ਕਰੀਏ?

13ਤਦ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ, ਸ਼ਹਿਰ ਵਿੱਚ ਜਾਓ ਅਤੇ ਇੱਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ। ਉਹ ਦੇ ਮਗਰ ਤੁਰ ਪਓ।

14ਅਤੇ ਜਿਸ ਘਰ ਵਿੱਚ ਉਹ ਜਾਵੇ ਤੁਸੀਂ ਘਰ ਦੇ ਮਾਲਕ ਨੂੰ ਕਹੋ ਜੋ ਗੁਰੂ ਆਖਦਾ ਹੈ ਮੇਰਾ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਖਾਵਾਂ?

15ਉਹ ਤੁਹਾਨੂੰ ਤਿਆਰ ਕੀਤਾ ਹੋਇਆ ਅਤੇ ਸਜਾਇਆ ਹੋਇਆ ਇੱਕ ਵੱਡਾ ਚੁਬਾਰਾ ਵਿਖਾਵੇਗਾ ਅਤੇ ਉੱਥੇ ਜਾ ਕੇ ਤੁਸੀਂ ਤਿਆਰੀ ਕਰੋ।

16ਤਾਂ ਚੇਲੇ ਚਲੇ ਗਏ ਅਤੇ ਸ਼ਹਿਰ ਵਿੱਚ ਜਾ ਕੇ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਉਸੇ ਤਰ੍ਹਾਂ ਵੇਖਿਆ ਅਤੇ ਪਸਾਹ ਦੀ ਤਿਆਰੀ ਕੀਤੀ।

17ਜਦ ਸ਼ਾਮ ਪਈ ਉਹ ਉਨ੍ਹਾਂ ਬਾਰਾਂ ਦੇ ਨਾਲ ਆਇਆ।

18ਅਤੇ ਜਦ ਉਹ ਬੈਠੇ ਖਾਂਦੇ ਸਨ ਤਦ ਯਿਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਜੋ ਮੇਰੇ ਨਾਲ ਖਾਂਦਾ ਹੈ ਮੈਨੂੰ ਫੜਵਾਏਗਾ।

19ਤਦ ਉਹ ਉਦਾਸ ਹੋਏ ਅਤੇ ਇੱਕ-ਇੱਕ ਕਰ ਕੇ ਉਹ ਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ?

20ਉਸ ਨੇ ਉਨ੍ਹਾਂ ਨੂੰ ਆਖਿਆ, ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਉਹ ਹੀ ਹੈ।

21ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਾ ਜੰਮਦਾ।

22ਜਦ ਉਹ ਖਾ ਰਹੇ ਸਨ ਤਦ ਉਹ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਲਓ ਇਹ ਮੇਰਾ ਸਰੀਰ ਹੈ।

23ਫੇਰ ਉਹ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਅਤੇ ਸਭਨਾਂ ਨੇ ਉਸ ਵਿੱਚੋਂ ਪੀਤਾ।

24ਅਤੇ ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰਾ ਲਹੂ ਹੈ ਅਰਥਾਤ ਨੇਮ ਦਾ ਲਹੂ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ।

25ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਫੇਰ ਕਦੇ ਅੰਗੂਰ ਦਾ ਰਸ ਨਾ ਪੀਵਾਂਗਾ ਜਿਸ ਦਿਨ ਤੱਕ ਪਰਮੇਸ਼ੁਰ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ।

26ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ।

27ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸੱਭੇ ਠੋਕਰ ਖਾਓਗੇ ਕਿਉਂ ਜੋ ਇਹ ਲਿਖਿਆ ਹੈ ਕਿ

28ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ।

29ਤਦ ਪਤਰਸ ਨੇ ਉਹ ਨੂੰ ਆਖਿਆ, ਭਾਵੇਂ ਸੱਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ!

30ਅਤੇ ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ ਜੋ ਤੂੰ ਅੱਜ ਇਸੇ ਰਾਤ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।

31ਪਰ ਉਹ ਨੇ ਜੋਰ ਦੇ ਕੇ ਕਿਹਾ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸੱਭੇ ਇਸੇ ਤਰ੍ਹਾਂ ਬੋਲੇ।

32ਫੇਰ ਉਹ ਗਥਸਮਨੀ ਨਾਮੇ ਇੱਕ ਥਾਂ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਐਥੇ ਬੈਠੋ।

33ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲਿਆ ਅਤੇ ਪਰੇਸ਼ਾਨ ਅਤੇ ਬਹੁਤ ਦੁੱਖੀ ਹੋਣ ਲੱਗਾ।

34ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੱਕ। ਤੁਸੀਂ ਐਥੇ ਠਹਿਰੋ ਅਤੇ ਜਾਗਦੇ ਰਹੋ।

35ਅਤੇ ਉਹ ਥੋੜ੍ਹਾ ਅੱਗੇ ਵੱਧ ਕੇ ਭੁੰਜੇ ਡਿੱਗ ਪਿਆ ਅਤੇ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤਾਂ ਇਹ ਘੜੀ ਮੇਰੇ ਤੋਂ ਟਲ ਜਾਏ।

36ਅਤੇ ਉਸ ਨੇ ਆਖਿਆ, ਅੱਬਾ, ਹੇ ਪਿਤਾ, ਤੇਰੇ ਕੋਲੋਂ ਸੱਭੋ ਕੁਝ ਹੋ ਸਕਦਾ ਹੈ। ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ।

37ਫੇਰ ਉਹ ਨੇ ਆਣ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਹੇ ਸ਼ਮਊਨ, ਤੂੰ ਸੌਂਦਾ ਹੈਂ? ਕੀ ਤੇਰੇ ਕੋਲੋਂ ਇੱਕ ਘੜੀ ਵੀ ਨਾ ਜਾਗ ਹੋਇਆ?

38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਓ, ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।

39ਤਾਂ ਉਹ ਫੇਰ ਗਿਆ ਅਤੇ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ।

40ਅਤੇ ਫੇਰ ਆਣ ਕੇ ਉਸ ਨੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਪਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਜੋ ਉਸ ਨੂੰ ਕੀ ਉੱਤਰ ਦੇਣ।

41ਅਤੇ ਉਸ ਨੇ ਤੀਜੀ ਵਾਰ ਆ ਕੇ ਉਨ੍ਹਾਂ ਨੂੰ ਕਿਹਾ, ਹੁਣ ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ। ਹੁਣ ਉਹ ਘੜੀ ਆ ਪਹੁੰਚੀ ਹੈ। ਵੇਖੋ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ।

42ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।

43ਉਹ ਅਜੇ ਬੋਲਦਾ ਹੀ ਸੀ ਕਿ ਉਸੇ ਵੇਲੇ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆਇਆ ਅਤੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਦੀ ਵੱਲੋਂ ਇੱਕ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ।

44ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ, ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ। ਉਹ ਨੂੰ ਫੜ੍ਹ ਕੇ ਤਕੜਾਈ ਨਾਲ ਲੈ ਜਾਣਾ!

45ਸੋ ਜਦ ਉਹ ਆ ਗਿਆ ਝੱਟ ਉਹ ਦੇ ਕੋਲ ਜਾ ਕੇ ਉਸ ਨੇ ਕਿਹਾ, ਗੁਰੂ ਜੀ! ਅਤੇ ਉਹ ਨੂੰ ਚੁੰਮਿਆ।

46ਤਦ ਉਨ੍ਹਾਂ ਉਸ ਤੇ ਹੱਥ ਪਾਏ ਅਤੇ ਉਹ ਨੂੰ ਫੜ ਲਿਆ।

47ਅਤੇ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਵਿੱਚੋਂ ਇੱਕ ਨੇ ਤਲਵਾਰ ਕੱਢ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ।

48ਤਦ ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ ਕਿ ਤਲਵਾਰਾਂ ਅਤੇ ਡਾਂਗਾਂ ਫੜ੍ਹੀ ਕੀ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ?

49ਮੈਂ ਰੋਜ਼ ਹੈਕਲ ਵਿੱਚ ਤੁਹਾਡੇ ਕੋਲ ਹੁੰਦਾ ਅਤੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ, ਪਰ ਇਹ ਇਸ ਲਈ ਹੋਇਆ ਜੋ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਪੂਰੀਆਂ ਹੋਣ।

50ਅਤੇ ਸੱਭੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ।

51ਇੱਕ ਜੁਆਨ ਜਿਸ ਨੇ ਚਾਦਰ ਆਪਣੇ ਨੰਗੇ ਪਿੰਡੇ ਉੱਤੇ ਪਾਈ ਹੋਈ ਸੀ, ਉਹ ਦੇ ਮਗਰ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਫੜ ਲਿਆ।

52ਪਰ ਉਹ ਕੱਪੜਾ ਛੱਡ ਕੇ ਨੰਗਾ ਭੱਜ ਗਿਆ।

53ਤਦ ਉਹ ਯਿਸੂ ਨੂੰ ਪ੍ਰਧਾਨ ਜਾਜਕ ਕੋਲ ਲੈ ਗਏ ਅਤੇ ਉਹ ਦੇ ਕੋਲ ਸਾਰੇ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਉਪਦੇਸ਼ਕ ਇਕੱਠੇ ਹੋਏ।

54ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਦੇ ਅੰਦਰ ਤੱਕ ਚੱਲਿਆ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ।

55ਤਦ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਨੇ ਯਿਸੂ ਦੇ ਵਿਰੁੱਧ ਉਹ ਨੂੰ ਜਾਨੋਂ ਮਾਰਨ ਲਈ ਗਵਾਹੀ ਭਾਲੀ, ਪਰ ਨਾ ਲੱਭੀ।

56ਬਹੁਤਿਆਂ ਨੇ ਉਹ ਦੇ ਵਿਰੁੱਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ।

57ਤਦ ਕਈਆਂ ਨੇ ਉੱਠ ਕੇ ਉਹ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ

58ਜੋ ਅਸੀਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨ੍ਹਾਂ ਹੱਥ ਲਾਏ ਬਣਾਵਾਂਗਾ।

59ਤਾਂ ਵੀ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ।

60ਤਦ ਪ੍ਰਧਾਨ ਜਾਜਕ ਵਿਚਾਲੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, ਕੀ ਤੂੰ ਕੁਝ ਜ਼ਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?

61ਪਰ ਉਹ ਚੁੱਪ ਹੀ ਰਿਹਾ ਅਤੇ ਕੁਝ ਜ਼ਵਾਬ ਨਾ ਦਿੱਤਾ ਤਾਂ ਪ੍ਰਧਾਨ ਜਾਜਕ ਨੇ ਫੇਰ ਉਹ ਨੂੰ ਪੁੱਛਿਆ, ਕੀ ਤੂੰ ਮਸੀਹ ਮੁਬਾਰਕ ਪਰਮੇਸ਼ੁਰ ਦਾ ਪੁੱਤਰ ਹੈਂ?

62ਯਿਸੂ ਨੇ ਆਖਿਆ, ਮੈਂ ਹਾਂ ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।

63ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ?

64ਤੁਸੀਂ ਇਹ ਕੁਫ਼ਰ ਸੁਣਿਆ, ਤੁਹਾਡੀ ਕੀ ਸਲਾਹ ਹੈ? ਤਦ ਉਨ੍ਹਾਂ ਸਭਨਾਂ ਨੇ ਉਹ ਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ।

65ਅਤੇ ਬਹੁਤ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਭਵਿੱਖਬਾਣੀ ਕਰਕੇ ਵਿਖਾ! ਅਤੇ ਸਿਪਾਹੀਆਂ ਨੇ ਉਹ ਨੂੰ ਲੈ ਕੇ ਚਪੇੜਾਂ ਮਾਰੀਆਂ।

66ਜਾਂ ਪਤਰਸ ਹੇਠਾਂ ਵਿਹੜੇ ਵਿੱਚ ਸੀ ਪ੍ਰਧਾਨ ਜਾਜਕ ਦੀਆਂ ਗੋਲੀਆਂ ਵਿੱਚੋਂ ਇੱਕ ਆਈ।

67ਅਤੇ ਪਤਰਸ ਨੂੰ ਅੱਗ ਸੇਕਦਾ ਵੇਖ ਕੇ ਉਹ ਦੀ ਵੱਲ ਨਿਗਾਹ ਕਰ ਕੇ ਬੋਲੀ, ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ।

68ਪਰ ਉਹ ਮੁੱਕਰ ਕੇਬੋਲਿਆ, ਨਾ ਮੈਂ ਜਾਣਦਾ, ਨਾ ਮੇਰੀ ਸਮਝ ਵਿੱਚ ਆਉਂਦਾ ਹੈ ਜੋ ਤੂੰ ਕੀ ਆਖਦੀ ਹਾਂ, ਅਤੇ ਉਹ ਬਾਹਰ ਡਿਉੜੀ ਵਿੱਚ ਚੱਲਿਆ ਗਿਆ।

69ਤਾਂ ਗੋਲੀ ਉਹ ਨੂੰ ਵੇਖ ਕੇ ਫੇਰ ਉਨ੍ਹਾਂ ਨੂੰ ਜਿਹੜੇ ਉੱਥੇ ਖੜੇ ਸਨ ਆਖਣ ਲੱਗੀ, ਇਹ ਉਨ੍ਹਾਂ ਵਿੱਚੋਂ ਇੱਕ ਹੈ।

70ਪਰ ਉਹ ਫੇਰ ਮੁੱਕਰ ਗਿਆ ਅਤੇ ਥੋੜ੍ਹੇ ਚਿਰ ਪਿੱਛੋਂ ਫੇਰ ਉਨ੍ਹਾਂ ਨੇ ਜਿਹੜੇ ਉੱਥੇ ਖੜੇ ਸਨ ਪਤਰਸ ਨੂੰ ਕਿਹਾ, ਸੱਚ-ਮੁੱਚ ਤੂੰ ਉਨ੍ਹਾਂ ਵਿੱਚੋਂ ਹੈਂ ਕਿਉਂ ਜੋ ਤੂੰ ਗਲੀਲੀ ਹੈਂ।

71ਪਰ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ ਕਿ ਮੈਂ ਉਸ ਮਨੁੱਖ ਨੂੰ ਜਿਹ ਦੀ ਤੁਸੀਂ ਗੱਲ ਕਰਦੇ ਹੋ ਜਾਣਦਾ ਹੀ ਨਹੀਂ।

72ਅਤੇ ਝੱਟ ਦੂਜੀ ਵਾਰ ਮੁਰਗੇ ਨੇ ਬਾਂਗ ਦਿੱਤੀ ਅਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਉਹ ਨੂੰ ਆਖੀ ਸੀ ਜੋ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਅਤੇ ਉਹ ਉਸ ਗੱਲ ਨੂੰ ਸੋਚ ਕੇ ਰੋਣ ਲੱਗਾ।

← ਮਰਕੁਸ 13 ਮਰਕੁਸ ਮਰਕੁਸ 15 →