We Believe JesusFé, Esperança e Nova Vida

ਯਾਕੂਬ 2

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਯਾਕੂਬ 1 ਯਾਕੂਬ ਯਾਕੂਬ 3 →

1ਹੇ ਮੇਰੇ ਭਰਾਵੋ, ਸਾਡੇ ਪ੍ਰਤਾਪਵਾਨ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡਾ ਵਿਸ਼ਵਾਸ ਕਿਸੇ ਤਰ੍ਹਾਂ ਦੇ ਪੱਖਪਾਤ ਨਾਲ ਨਾ ਹੋਵੇ।

2ਕਿਉਂਕਿ ਜੇ ਕੋਈ ਮਨੁੱਖ ਸੋਨੇ ਦੀ ਅੰਗੂਠੀ ਅਤੇ ਸੁੰਦਰ ਬਸਤਰ ਪਾ ਕੇ ਤੁਹਾਡੀ ਸਭਾ ਵਿੱਚ ਆਵੇ ਅਤੇ ਇੱਕ ਗਰੀਬ ਵੀ ਮੈਲ਼ੇ ਬਸਤਰ ਪਾ ਕੇ ਆਵੇ,।

3ਅਤੇ ਤੁਸੀਂ ਉਸ ਸੁੰਦਰ ਬਸਤਰਾਂ ਵਾਲੇ ਦਾ ਲਿਹਾਜ਼ ਕਰੋ ਅਤੇ ਉਸ ਨੂੰ ਕਹੋ, ਇੱਥੇ ਚੰਗੀ ਥਾਂ ਆ ਕੇ ਬੈਠ ਅਤੇ ਉਸ ਗਰੀਬ ਨੂੰ ਕਹੋ ਕਿ ਤੂੰ ਇੱਥੇ ਖੜ੍ਹਾ ਰਹਿ, ਜਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ।

4ਤਾਂ ਕੀ ਤੁਸੀਂ ਆਪਣਿਆਂ ਮਨਾਂ ਵਿੱਚ ਭੇਦਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈਂ ਨਹੀਂ ਬਣੇ?

5ਹੇ ਮੇਰੇ ਪਿਆਰੇ ਭਰਾਵੋ, ਸੁਣੋ ਕੀ ਪਰਮੇਸ਼ੁਰ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਤਾਂ ਜੋ ਉਹ ਵਿਸ਼ਵਾਸ ਵਿੱਚ ਧਨੀ, ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਸ ਦਾ ਵਾਇਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ?

6ਪਰ ਤੁਸੀਂ ਉਸ ਗਰੀਬ ਦਾ ਅਪਮਾਨ ਕੀਤਾ! ਭਲਾ, ਧਨਵਾਨ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਕੇ ਨਹੀਂ ਲੈ ਜਾਂਦੇ?

7ਭਲਾ, ਧਨਵਾਨ ਉਸ ਉੱਤਮ ਨਾਮ ਦੀ ਨਿੰਦਿਆ ਨਹੀਂ ਕਰਦੇ ਜਿਸ ਤੋਂ ਤੁਸੀਂ ਜਾਣੇ ਜਾਂਦੇ ਹੋ?

8ਪਰ ਜੇ ਤੁਸੀਂ ਉਸ ਸ਼ਾਹੀ ਹੁਕਮ ਨੂੰ ਪੂਰਾ ਕਰਦੇ ਹੋ ਜਿਵੇਂ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ, ਤਾਂ ਤੁਸੀਂ ਭਲਾ ਕਰਦੇ ਹੋ।

9ਪਰ ਜੇ ਤੁਸੀਂ ਪੱਖਪਾਤ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਬਿਵਸਥਾ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ।

10ਜੇ ਕੋਈ ਸਾਰੀ ਬਿਵਸਥਾ ਦੀ ਪਾਲਨਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਤਾਂ ਉਹ ਸਾਰੀਆਂ ਗੱਲਾਂ ਵਿੱਚ ਦੋਸ਼ੀ ਹੋਇਆ।

11ਕਿਉਂਕਿ ਜਿਸ ਨੇ ਕਿਹਾ ਕਿ ਵਿਭਚਾਰ ਨਾ ਕਰ, ਉਸ ਨੇ ਇਹ ਵੀ ਕਿਹਾ ਕਿ ਖੂਨ ਨਾ ਕਰ। ਸੋ ਜੇ ਤੂੰ ਵਿਭਚਾਰ ਨਾ ਕੀਤਾ ਪਰ ਖੂਨ ਕੀਤਾ ਤਾਂ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਇਆ।

12ਤੁਸੀਂ ਉਨ੍ਹਾ ਲੋਕਾਂ ਦੀ ਤਰ੍ਹਾਂ ਬਚਨ ਬੋਲੋ ਅਤੇ ਕੰਮ ਵੀ ਕਰੋ, ਜਿਨ੍ਹਾਂ ਦਾ ਨਿਆਂ ਅਜ਼ਾਦੀ ਦੀ ਬਿਵਸਥਾ ਦੇ ਅਨੁਸਾਰ ਹੋਣਾ ਹੈ।

13ਕਿਉਂਕਿ ਜਿਸ ਨੇ ਦਯਾ ਨਾ ਕੀਤੀ ਉਸ ਦਾ ਨਿਆਂ ਬਿਨ੍ਹਾਂ ਦਯਾ ਤੋਂ ਕੀਤਾ ਜਾਵੇਗਾ। ਦਯਾ ਨਿਆਂ ਦੇ ਉੱਤੇ ਜਿੱਤ ਪਾਉਂਦੀ ਹੈ।

14ਹੇ ਮੇਰੇ ਭਰਾਵੋ, ਜੇ ਕੋਈ ਆਖੇ ਕਿ ਮੈਨੂੰ ਵਿਸ਼ਵਾਸ ਹੈ, ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ, ਇਹ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ?

15ਜੇ ਕੋਈ ਭਾਈ ਜਾਂ ਭੈਣ ਭੋਜਨ ਬਸਤਰ ਅਤੇ ਰੱਜਵੀਂ ਰੋਟੀ ਤੋਂ ਥੁੜਿਆ ਹੋਵੇ।

16ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਕਿ ਸ਼ਾਂਤੀ ਨਾਲ ਜਾਓ। ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ?

17ਇਸੇ ਪ੍ਰਕਾਰ ਵਿਸ਼ਵਾਸ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਵਿੱਚ ਮਰਿਆ ਹੋਇਆ ਹੈ।

18ਪਰ ਜੇ ਕੋਈ ਕਹੇ ਕਿ ਤੇਰੇ ਕੋਲ ਵਿਸ਼ਵਾਸ ਹੈ ਅਤੇ ਮੇਰੇ ਕੋਲ ਅਮਲ ਹਨ। ਤੂੰ ਆਪਣਾ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਕੰਮਾਂ ਨਾਲ ਤੈਨੂੰ ਆਪਣਾ ਵਿਸ਼ਵਾਸ ਵਿਖਾਵਾਂਗਾ।

19ਤੂੰ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ੁਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈਂ, ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ।

20ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਨਹੀਂ ਜਾਣਦਾ ਕਿ ਅਮਲਾਂ ਤੋਂ ਬਿਨ੍ਹਾਂ ਵਿਸ਼ਵਾਸ ਵਿਅਰਥ ਹੈ?

21ਕੀ ਸਾਡਾ ਪਿਤਾ ਅਬਰਾਹਾਮ ਅਮਲਾਂ ਨਾਲ ਧਰਮੀ ਨਹੀਂ ਸੀ ਠਹਿਰਾਇਆ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚੜ੍ਹਾ ਦਿੱਤਾ?

22ਤੂੰ ਵੇਖਦਾ ਹੈਂ ਕਿ ਵਿਸ਼ਵਾਸ ਉਹ ਦੇ ਕੰਮਾਂ ਦੇ ਕਾਰਨ ਗੁਣਕਾਰ ਹੋਇਆ ਅਤੇ ਕੰਮਾਂ ਤੋਂ ਵਿਸ਼ਵਾਸ ਸੰਪੂਰਨ ਹੋਇਆ।

23ਅਤੇ ਪਵਿੱਤਰ ਗ੍ਰੰਥ ਦਾ ਇਹ ਬਚਨ ਪੂਰਾ ਹੋਇਆ ਕਿ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਅਖਵਾਇਆ।

24ਤੁਸੀਂ ਵੇਖਦੇ ਹੋ ਕਿ ਮਨੁੱਖ ਕੇਵਲ ਵਿਸ਼ਵਾਸ ਨਾਲ ਹੀ ਨਹੀਂ ਸਗੋਂ ਕੰਮਾਂ ਨਾਲ ਵੀ ਧਰਮੀ ਠਹਿਰਾਇਆ ਜਾਂਦਾ ਹੈ।

25ਕੀ ਉਸੇ ਹੀ ਤਰ੍ਹਾਂ ਰਹਾਬ ਵੇਸਵਾ ਵੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਭੇਤੀਆਂ ਨੂੰ ਆਪਣੇ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਸਰੇ ਰਾਹ ਵੱਲੋਂ ਭੇਜ ਦਿੱਤਾ?

26ਜਿਸ ਤਰ੍ਹਾਂ ਸਰੀਰ ਆਤਮਾ ਤੋਂ ਬਿਨ੍ਹਾਂ ਮੁਰਦਾ ਹੈ ਉਸੇ ਤਰ੍ਹਾਂ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੁਰਦਾ ਹੈ।

← ਯਾਕੂਬ 1 ਯਾਕੂਬ ਯਾਕੂਬ 3 →