We Believe JesusFé, Esperança e Nova Vida

ਯਿਰਮਿਯਾਹ 28

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਯਿਰਮਿਯਾਹ 27 ਯਿਰਮਿਯਾਹ ਯਿਰਮਿਯਾਹ 29 →

1ਤਦ ਇਸ ਤਰ੍ਹਾਂ ਹੋਵੇਗਾ ਕਿ ਉਸੇ ਸਾਲ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਚੌਥੇ ਸਾਲ ਦੇ ਪੰਜਵੇਂ ਮਹੀਨੇ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਨੇ ਜਿਹੜਾ ਗਿਬਓਨ ਦਾ ਸੀ ਯਹੋਵਾਹ ਦੇ ਭਵਨ ਵਿੱਚ ਜਾਜਕਾਂ ਦੇ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਮੈਨੂੰ ਆਖਿਆ,

2ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿੱਤਾ ਹੈ!

3ਪੂਰੇ ਦੋਹਾਂ ਵਰਿਹਾਂ ਤੱਕ ਮੈਂ ਯਹੋਵਾਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬਲ ਦੇ ਰਾਜਾ ਨਬੂਕਦਨੱਸਰ ਇਸ ਸਥਾਨ ਵਿੱਚੋਂ ਲੈ ਕੇ ਬਾਬਲ ਵਿੱਚ ਲੈ ਗਿਆ ਹੈ ਇਸ ਸਥਾਨ ਨੂੰ ਮੁੜ ਲਿਆਵਾਂਗਾ

4ਅਤੇ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਾਰੇ ਗ਼ੁਲਾਮਾਂ ਨੂੰ ਜਿਹੜੇ ਬਾਬਲ ਨੂੰ ਗਏ ਮੈਂ ਮੁੜ ਇਸ ਸਥਾਨ ਵਿੱਚ ਲੈ ਆਵਾਂਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿਆਂਗਾ।

5ਤਦ ਯਿਰਮਿਯਾਹ ਨਬੀ ਹਨਨਯਾਹ ਨਬੀ ਨੂੰ ਜਾਜਕਾਂ ਦੇ ਵੇਖਦਿਆਂ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਖਲੋਤੇ ਸਨ ਬੋਲਿਆ

6ਤੇ ਯਿਰਮਿਯਾਹ ਨਬੀ ਨੇ ਆਖਿਆ ਆਮੀਨ! ਕਾਸ਼ ਕਿ ਯਹੋਵਾਹ ਇਸੇ ਤਰ੍ਹਾਂ ਹੀ ਕਰੇ! ਯਹੋਵਾਹ ਤੇਰੀਆਂ ਗੱਲਾਂ ਨੂੰ ਜਿਹਨਾਂ ਦਾ ਤੂੰ ਅਗੰਮ ਵਾਚਿਆ ਹੈ ਪੂਰਾ ਕਰੇ ਅਤੇ ਯਹੋਵਾਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ!

7ਤਦ ਵੀ ਇਹ ਗੱਲ ਸੁਣ ਜਿਹੜੀ ਮੈਂ ਤੇਰੇ ਕੰਨਾਂ ਵਿੱਚ ਆਖਾਂ

8ਉਹਨਾਂ ਨਬੀਆਂ ਨੇ ਜਿਹੜੇ ਪੁਰਾਣੇ ਸਮਿਆਂ ਵਿੱਚ ਮੈਥੋਂ ਅਤੇ ਤੈਥੋਂ ਪਹਿਲਾਂ ਸਨ ਬਹੁਤਿਆਂ ਦੇਸਾਂ ਅਤੇ ਵੱਡੀਆਂ ਪਾਤਸ਼ਾਹੀਆਂ ਦੇ ਵਿਰੁੱਧ ਲੜਾਈ, ਬੁਰਿਆਈ ਅਤੇ ਬਵਾ ਲਈ ਅਗੰਮ ਵਾਚਿਆ

9ਉਹ ਨਬੀ ਜਿਹੜਾ ਸ਼ਾਂਤੀ ਲਈ ਅਗੰਮ ਵਾਚਦਾ ਹੈ, ਜਦ ਉਸ ਨਬੀ ਦੀ ਗੱਲ ਪੂਰੀ ਹੋਵੇਗੀ ਤਦ ਜਾਣਿਆ ਜਾਵੇਗਾ ਕਿ ਉਹ ਨਬੀ ਨੂੰ ਸੱਚ-ਮੁੱਚ ਯਹੋਵਾਹ ਨੇ ਭੇਜਿਆ ਸੀ

10ਤਾਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਲਾਹਿਆ ਅਤੇ ਉਹ ਨੂੰ ਭੰਨ ਦਿੱਤਾ

11ਤਾਂ ਹਨਨਯਾਹ ਨੇ ਸਾਰੇ ਲੋਕਾਂ ਦੇ ਵੇਖਦਿਆਂ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸੇ ਤਰ੍ਹਾਂ ਮੈਂ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਉੱਤੋਂ ਪੂਰੇ ਦੋ ਸਾਲਾਂ ਵਿੱਚ ਭੰਨ ਦਿਆਂਗਾ। ਤਾਂ ਯਿਰਮਿਯਾਹ ਨਬੀ ਆਪਣੇ ਰਾਹ ਚੱਲਿਆ ਗਿਆ।

12ਜਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਦਿੱਤਾ ਤਾਂ ਉਸ ਦੇ ਪਿੱਛੋਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ

13ਜਾ ਅਤੇ ਹਨਨਯਾਹ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਲੱਕੜੀ ਦੇ ਜੂਲੇ ਤਾਂ ਭੰਨ ਦਿੱਤੇ ਹਨ ਪਰ ਤੂੰ ਉਹਨਾਂ ਦੇ ਥਾਂ ਲੋਹੇ ਦੇ ਜੂਲੇ ਬਣਾਏ

14ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਲੋਹੇ ਦਾ ਜੂਲਾ ਇਹਨਾਂ ਸਾਰੀਆਂ ਕੌਮਾਂ ਦੀ ਧੌਣ ਉੱਤੇ ਰੱਖਿਆ ਹੈ ਕਿ ਉਹ ਬਾਬਲ ਦੇ ਰਾਜਾ ਨਬੂਕਦਨੱਸਰ ਦੀ ਟਹਿਲ ਕਰਨ ਅਤੇ ਉਹ ਉਸ ਦੀ ਟਹਿਲ ਕਰਨਗੀਆਂ, ਨਾਲੇ ਮੈਂ ਉਹ ਨੂੰ ਖੇਤ ਦੇ ਪਸ਼ੂ ਵੀ ਦੇ ਦਿੱਤੇ ਹਨ

15ਤਾਂ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਆਖਿਆ, ਹਨਨਯਾਹ, ਜ਼ਰਾ ਸੁਣ ਤਾਂ। ਯਹੋਵਾਹ ਨੇ ਤੈਨੂੰ ਨਹੀਂ ਭੇਜਿਆ, ਤੂੰ ਤਾਂ ਇਸ ਪਰਜਾ ਨੂੰ ਝੂਠੀ ਆਸ ਦਿੰਦਾ ਹੈਂ

16ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੈਨੂੰ ਭੂਮੀ ਦੀ ਪਰਤ ਉੱਤੋਂ ਕੱਢ ਦਿਆਂਗਾ। ਤੂੰ ਇਸ ਸਾਲ ਮਰ ਜਾਵੇਂਗਾ ਕਿਉਂ ਜੋ ਤੂੰ ਯਹੋਵਾਹ ਦੇ ਵਿਰੁੱਧ ਆਕੀਪੁਣੇ ਨਾਲ ਬੋਲਿਆ ਹੈਂ!

17ਸੋ ਹਨਨਯਾਹ ਨਬੀ ਉਸੇ ਸਾਲ ਦੇ ਸੱਤਵੇਂ ਮਹੀਨੇ ਮਰ ਗਿਆ।

← ਯਿਰਮਿਯਾਹ 27 ਯਿਰਮਿਯਾਹ ਯਿਰਮਿਯਾਹ 29 →