We Believe JesusFé, Esperança e Nova Vida

ਯਸਾ 6

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਯਸਾ 5 ਯਸਾ ਯਸਾ 7 →

1ਉੱਜ਼ੀਯਾਹ ਰਾਜਾ ਦੀ ਮੌਤ ਦੇ ਸਾਲ ਮੈਂ ਪ੍ਰਭੂ ਨੂੰ ਬਹੁਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ।

2ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ। ਹਰੇਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਆਪਣੇ ਪੈਰ ਢੱਕਦੇ ਅਤੇ ਦੋ ਨਾਲ ਉੱਡਦੇ ਸਨ।

3ਉਹ ਇੱਕ ਦੂਜੇ ਨੂੰ ਪੁਕਾਰ-ਪੁਕਾਰ ਕੇ ਆਖਦੇ ਸਨ, - “ਸੈਨਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।”

4ਅਤੇ ਪੁਕਾਰਨ ਵਾਲੇ ਦੀ ਅਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।

5ਤਦ ਮੈਂ ਆਖਿਆ, ਹਾਏ ਮੇਰੇ ਉੱਤੇ! ਮੈਂ ਤਾਂ ਨਾਸ ਹੋ ਗਿਆ! ਮੈਂ ਤਾਂ ਭਰਿਸ਼ਟ ਬੁੱਲ੍ਹਾਂ ਵਾਲਾ ਮਨੁੱਖ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਮਹਾਰਾਜਾ ਅਧੀਰਾਜ ਨੂੰ ਵੇਖਿਆ ਹੈ!

6ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ।

7ਤਦ ਉਸ ਨੇ ਇਹ ਆਖ ਕੇ ਮੇਰੇ ਮੂੰਹ ਨੂੰ ਛੂਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੂਹਿਆ ਹੈ ਅਤੇ ਤੇਰੀ ਬਦੀ ਦੂਰ ਹੋਈ ਅਤੇ ਤੇਰਾ ਪਾਪ ਢੱਕਿਆ ਗਿਆ ਹੈ।

8ਫੇਰ ਮੈਂ ਪ੍ਰਭੂ ਦੀ ਅਵਾਜ਼ ਇਹ ਆਖਦੇ ਹੋਏ ਸੁਣੀ, ਮੈਂ ਕਿਸਨੂੰ ਭੇਜਾਂ ਅਤੇ ਕੌਣ ਸਾਡੇ ਲਈ ਜਾਵੇਗਾ? ਤਦ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਭੇਜੋ।

9ਉਸ ਨੇ ਆਖਿਆ, ਜਾ ਅਤੇ ਇਸ ਪਰਜਾ ਨੂੰ ਆਖ, - ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਅਤੇ ਵੇਖਦੇ ਰਹੋ ਪਰ ਬੁੱਝੋ ਨਾ,

10ਇਸ ਪਰਜਾ ਦਾ ਮਨ ਮੋਟਾ, ਅਤੇ ਇਸ ਦੇ ਕੰਨ ਭਾਰੇ ਕਰ ਦੇ, ਅਤੇ ਇਸ ਦੀਆਂ ਅੱਖਾਂ ਬੰਦ ਕਰ, ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਅਤੇ ਚੰਗੇ ਹੋ ਜਾਣ।

11ਤਦ ਮੈਂ ਪੁੱਛਿਆ, ਹੇ ਪ੍ਰਭੂ ਕਦੋਂ ਤੱਕ? ਉਸ ਨੇ ਆਖਿਆ, ਜਦ ਤੱਕ ਸ਼ਹਿਰ ਵਿਰਾਨ ਅਤੇ ਬੇ-ਅਬਾਦ ਨਾ ਹੋ ਜਾਣ, ਅਤੇ ਘਰ ਬੇ-ਚਰਾਗ ਨਾ ਹੋ ਜਾਣ, ਅਤੇ ਜ਼ਮੀਨ ਪੂਰੀ ਹੀ ਉਜੜ ਨਾ ਜਾਵੇ।

12ਜਦ ਤੱਕ ਯਹੋਵਾਹ ਮਨੁੱਖਾਂ ਨੂੰ ਦੂਰ ਨਾ ਕਰ ਦੇਵੇ, ਅਤੇ ਦੇਸ ਵਿੱਚ ਬਹੁਤੇ ਸਥਾਨ ਸੁਨਸਾਨ ਨਾ ਹੋ ਜਾਣ।

13ਭਾਵੇਂ ਉਸ ਦੇ ਵਾਸੀਆਂ ਦਾ ਦਸਵਾਂ ਹਿੱਸਾ ਹੀ ਰਹੇ, ਉਹ ਮੁੜ ਭਸਮ ਹੋਵੇਗਾ, ਪਰ ਜਿਵੇਂ ਚੀਲ ਜਾਂ ਬਲੂਤ ਦੇ ਰੁੱਖ ਜਦ ਉਹ ਵੱਢੇ ਜਾਂਦੇ ਹਨ, ਤਾਂ ਉਨ੍ਹਾਂ ਦਾ ਟੁੰਡ ਖੜ੍ਹਾ ਰਹਿੰਦਾ ਹੈ। ਉਸੇ ਤਰ੍ਹਾਂ ਹੀ ਪਵਿੱਤਰ ਵੰਸ਼ ਉਹ ਦਾ ਟੁੰਡ ਹੈ।

← ਯਸਾ 5 ਯਸਾ ਯਸਾ 7 →