We Believe JesusFé, Esperança e Nova Vida

ਹਿਜ਼ਕੀਏਲ 30

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਹਿਜ਼ਕੀਏਲ 29 ਹਿਜ਼ਕੀਏਲ ਹਿਜ਼ਕੀਏਲ 31 →

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੁਰਲਾ, ਅਫ਼ਸੋਸ ਉਸ ਦਿਨ ਤੇ!

3ਇਸ ਲਈ ਕਿ ਦਿਨ ਨੇੜੇ ਹੈ, ਹਾਂ, ਯਹੋਵਾਹ ਦਾ ਦਿਨ ਨੇੜੇ ਹੈ, ਅਰਥਾਤ ਬੱਦਲਾਂ ਦਾ ਦਿਨ, ਇਹ ਕੌਮਾਂ ਦਾ ਸਮਾਂ ਹੋਵੇਗਾ!

4ਤਲਵਾਰ ਮਿਸਰ ਵਿੱਚ ਆਵੇਗੀ, ਤੇ ਕੂਸ਼ ਵਿੱਚ ਕੰਬਣੀ ਹੋਵੇਗੀ, ਜਦੋਂ ਮਿਸਰ ਵਿੱਚ ਵੱਢੇ ਹੋਏ ਡਿੱਗਣਗੇ, ਅਤੇ ਉਹ ਭੀੜ ਨੂੰ ਲੈ ਜਾਣਗੇ ਅਤੇ ਉਹ ਦੀਆਂ ਨੀਂਹਾਂ ਪੁੱਟੀਆਂ ਜਾਣਗੀਆਂ।

5ਕੂਸ਼, ਪੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਕੂਬ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ।

6ਯਹੋਵਾਹ ਇਹ ਆਖਦਾ ਹੈ, ਮਿਸਰ ਦੇ ਸਹਾਇਕ ਡਿੱਗ ਪੈਣਗੇ, ਅਤੇ ਉਹ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ, ਮਿਗਦੋਲ ਸਵੇਨੇਹ ਤੋਂ, ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

7ਉਹ ਉੱਜੜੇ ਦੇਸਾਂ ਦੇ ਵਿਚਕਾਰ ਉੱਜੜਨਗੇ, ਅਤੇ ਉਹ ਦੇ ਸ਼ਹਿਰ ਉੱਜੜੇ ਸ਼ਹਿਰਾਂ ਦੇ ਵਿਚਕਾਰ ਉਜਾੜ ਰਹਿਣਗੇ।

8ਜਦੋਂ ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਅਤੇ ਉਹ ਦੇ ਸਾਰੇ ਸਹਾਇਕ ਤੋੜੇ ਜਾਣਗੇ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

9ਉਸ ਦਿਨ ਬਹੁਤ ਸਾਰੇ ਜਹਾਜ਼ਾਂ ਵਿੱਚ ਮੇਰੇ ਵੱਲੋਂ ਭੇਜੇ ਜਾਣਗੇ, ਭਈ ਮਨਮੁੱਖ ਕੂਸ਼ੀਆਂ ਨੂੰ ਡਰਾਉਣ, ਅਤੇ ਉਹਨਾਂ ਨੂੰ ਸਖ਼ਤ ਪੀੜ ਹੋਵੇਗੀ, ਜਿਵੇਂ ਮਿਸਰ ਦੇ ਦਿਨ ਵਿੱਚ, ਕਿਉਂ ਜੋ ਵੇਖ! ਉਹ ਆਉਂਦਾ ਹੈ।

10ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਮਿਸਰ ਦੀ ਭੀੜ ਨੂੰ, ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥੋਂ ਮੁਕਾ ਦੇਵਾਂਗਾ।

11ਉਹ ਅਤੇ ਉਹ ਦੇ ਲੋਕ ਜੋ ਕੌਮਾਂ ਵਿੱਚ ਭਿਆਨਕ ਹਨ, ਦੇਸ ਉਜਾੜਨ ਲਈ ਭੇਜੇ ਜਾਣਗੇ, ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ, ਅਤੇ ਦੇਸ ਨੂੰ ਵੱਢਿਆ ਹੋਇਆਂ ਨਾਲ ਭਰ ਦੇਣਗੇ।

12ਮੈਂ ਨਦੀਆਂ ਨੂੰ ਸੁੱਕਾ ਦਿਆਂਗਾ, ਅਤੇ ਦੇਸ ਨੂੰ ਬੁਰਿਆਰਾਂ ਦੇ ਹੱਥ ਵੇਚਾਂਗਾ, ਅਤੇ ਮੈਂ ਉਸ ਦੇਸ ਅਤੇ ਉਸ ਦੀ ਭਰਪੂਰੀ ਨੂੰ ਓਪਰਿਆਂ ਦੇ ਹੱਥੋਂ ਉਜਾੜ ਦਿਆਂਗਾ, ਮੈਂ ਯਹੋਵਾਹ ਨੇ ਆਖਿਆ ਹੈ।

13ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਬੁੱਤਾਂ ਨੂੰ ਨਸ਼ਟ ਕਰ ਦਿਆਂਗਾ, ਨੋਫ਼ ਵਿੱਚੋਂ ਮੂਰਤੀਆਂ ਨੂੰ ਨਾਸ ਕਰ ਦਿਆਂਗਾ, ਅੱਗੇ ਨੂੰ ਮਿਸਰ ਦੇਸ ਵਿੱਚੋਂ ਕੋਈ ਰਾਜਕੁਮਾਰ ਨਹੀਂ ਹੋਵੇਗਾ ਅਤੇ ਮੈਂ ਮਿਸਰ ਦੇਸ ਵਿੱਚ ਡਰ ਪਾ ਦਿਆਂਗਾ।

14ਪਥਰੋਸ ਨੂੰ ਉਜਾੜ ਦਿਆਂਗਾ, ਸੋਆਨ ਵਿੱਚ ਅੱਗ ਲਾਵਾਂਗਾ ਅਤੇ ਨੋ ਵਿੱਚ ਮੈਂ ਨਿਆਂ ਕਰਾਂਗਾ।

15ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ, ਆਪਣਾ ਕਹਿਰ ਭੇਜਾਂਗਾ ਅਤੇ ਨੋ ਸ਼ਹਿਰ ਦੀ ਭੀੜ ਨੂੰ ਵੱਢ ਸੁੱਟਾਂਗਾ।

16ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਸੀਨ ਨੂੰ ਕਰੜਾ ਦੁੱਖ ਹੋਵੇਗਾ, ਨੋ ਚੀਰਿਆ ਜਾਵੇਗਾ ਅਤੇ ਨੋਫ਼ ਦਿਨੋ ਦਿਨ ਦੁੱਖੀ ਹੋਵੇਗਾ।

17ਊਨ ਸ਼ਹਿਰ ਅਤੇ ਪੀ-ਬਸਥ ਸ਼ਹਿਰ ਦੇ ਗੱਭਰੂ ਤਲਵਾਰ ਨਾਲ ਡਿੱਗ ਪੈਣਗੇ ਅਤੇ ਔਰਤਾਂ ਗੁਲਾਮੀ ਵਿੱਚ ਜਾਣਗੀਆਂ।

18ਤਹਪਨਹੇਸ ਵਿੱਚ ਵੀ ਦਿਨ ਨੂੰ ਹਨ੍ਹੇਰਾ ਹੋ ਜਾਵੇਗਾ, ਜਦੋਂ ਮੈਂ ਉੱਥੇ ਮਿਸਰ ਦੇ ਜੂਲਿਆਂ ਨੂੰ ਤੋੜਾਂਗਾ ਅਤੇ ਉਹ ਦੇ ਵਿੱਚ ਸ਼ਕਤੀ ਦੀ ਵਡਿਆਈ ਨਾ ਰਹੇਗੀ ਅਤੇ ਬੱਦਲ ਇਹ ਨੂੰ ਢੱਕ ਲਵੇਗਾ, ਅਤੇ ਉਸ ਦੀਆਂ ਧੀਆਂ ਗੁਲਾਮੀ ਵਿੱਚ ਜਾਣਗੀਆਂ।

19ਮੈਂ ਮਿਸਰ ਵਿੱਚ ਨਿਆਂ ਕਰਾਂਗਾ, ਤਾਂ ਉਹ ਜਾਣਨਗੇ, ਕਿ ਮੈਂ ਯਹੋਵਾਹ ਹਾਂ!

20ਅਜਿਹਾ ਹੋਇਆ ਕਿ ਬਾਰਵੇਂ ਸਾਲ ਦੇ ਪਹਿਲੇ ਮਹੀਨੇ ਦੀ ਸੱਤ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

21ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦੀ ਬਾਂਹ ਭੰਨ ਦਿੱਤੀ ਹੈ ਅਤੇ ਵੇਖ, ਉਹ ਬੰਨ੍ਹੀ ਨਹੀਂ ਗਈ। ਦਵਾਈ ਲਾ ਕੇ ਉਸ ਤੇ ਪੱਟੀਆਂ ਨਹੀਂ ਕੀਤੀਆਂ ਗਈਆਂ, ਤਾਂ ਜੋ ਤਲਵਾਰ ਫੜਨ ਲਈ ਤਕੜੀ ਹੋਵੇ।

22ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦਾ ਵਿਰੋਧੀ ਹਾਂ ਅਤੇ ਉਹ ਦੀਆਂ ਬਾਂਹਾਂ ਨੂੰ ਭੰਨਾਂਗਾ ਅਰਥਾਤ ਪੱਕੀ ਅਤੇ ਟੁੱਟੀ ਹੋਈ ਦੋਨਾਂ ਨੂੰ ਭੰਨਾਂਗਾ ਅਤੇ ਤਲਵਾਰ ਉਹ ਦੇ ਹੱਥ ਵਿੱਚੋਂ ਡੇਗ ਦਿਆਂਗਾ।

23ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ।

24ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਬਖ਼ਸ਼ਾਂਗਾ ਅਤੇ ਆਪਣੀ ਤਲਵਾਰ ਉਹ ਦੇ ਹੱਥ ਵਿੱਚ ਦਿਆਂਗਾ, ਪਰ ਫ਼ਿਰਊਨ ਦੀਆਂ ਬਾਂਹਾਂ ਨੂੰ ਭੰਨਾਂਗਾ ਅਤੇ ਉਹ ਉਸ ਦੇ ਅੱਗੇ ਉਸ ਫੱਟੜ ਵਾਂਗੂੰ ਜੋ ਮਰਨ ਵਾਲਾ ਹੋਵੇ, ਆਹਾਂ ਭਰੇਗਾ।

25ਜਦ ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਦਿਆਂਗਾ ਅਤੇ ਫ਼ਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਜਦੋਂ ਮੈਂ ਆਪਣੀ ਤਲਵਾਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਉਸ ਨੂੰ ਮਿਸਰ ਦੇ ਦੇਸ ਤੇ ਖਿੱਚੇਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

26ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

← ਹਿਜ਼ਕੀਏਲ 29 ਹਿਜ਼ਕੀਏਲ ਹਿਜ਼ਕੀਏਲ 31 →