We Believe JesusFé, Esperança e Nova Vida

ਕੂਚ 34

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਕੂਚ 33 ਕੂਚ ਕੂਚ 35 →

1ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਪਹਿਲਾਂ ਦੀ ਤਰ੍ਹਾਂ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਅਤੇ ਮੈਂ ਉਨ੍ਹਾਂ ਫੱਟੀਆਂ ਉੱਤੇ ਉਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੂੰ ਭੰਨ ਸੁੱਟਿਆ।

2ਸਵੇਰ ਤੋਂ ਤਿਆਰ ਹੋ ਅਤੇ ਸਵੇਰ ਨੂੰ ਸੀਨਈ ਪਰਬਤ ਉੱਤੇ ਚੜ੍ਹ ਅਤੇ ਉੱਥੇ ਪਰਬਤ ਦੀ ਟੀਸੀ ਉੱਤੇ ਮੇਰੇ ਲਈ ਖੜਾ ਰਹਿ।

3ਤੇਰੇ ਨਾਲ ਕੋਈ ਮਨੁੱਖ ਨਾ ਚੜ੍ਹੇ ਅਤੇ ਸਾਰੇ ਪਰਬਤ ਵਿੱਚ ਕੋਈ ਵੀ ਮਨੁੱਖ ਨਾ ਦਿੱਸੇ ਅਤੇ ਨਾ ਹੀ ਉਸ ਪਰਬਤ ਦੇ ਅੱਗੇ ਇੱਜੜ ਚੁਗੇ ਅਤੇ ਨਾ ਹੀ ਚੌਣਾ।

4ਉਪਰੰਤ ਉਸ ਨੇ ਪਹਿਲਾਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਮੂਸਾ ਸਵੇਰ ਨੂੰ ਉੱਠ ਕੇ ਸੀਨਈ ਪਰਬਤ ਉੱਤੇ ਚੜ੍ਹ ਗਿਆ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਅਤੇ ਆਪਣੇ ਹੱਥ ਵਿੱਚ ਪੱਥਰ ਦੀਆਂ ਦੋ ਫੱਟੀਆਂ ਲਈਆਂ।

5ਯਹੋਵਾਹ ਬੱਦਲ ਵਿੱਚ ਉੱਤਰਿਆ ਅਤੇ ਉੱਥੇ ਉਸ ਦੇ ਨਾਲ ਖੜੇ ਹੋ ਕੇ ਯਹੋਵਾਹ ਦੇ ਨਾਮ ਦਾ ਪਰਚਾਰ ਕੀਤਾ

6ਅਤੇ ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਇਸ ਤਰ੍ਹਾਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ

7ਅਤੇ ਹਜ਼ਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਤੇ ਪਾਪ ਦਾ ਬਖ਼ਸ਼ਣਹਾਰ ਅਤੇ ਕੁਧਰਮੀ ਨੂੰ ਇਸੇ ਤਰ੍ਹਾਂ ਨਹੀਂ ਛੱਡਦਾ ਪਰ ਪਿਤਾਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਪੁੱਤਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਹਾਰ ਹੈ।

8ਤਾਂ ਮੂਸਾ ਨੇ ਛੇਤੀ ਕਰ ਕੇ ਆਪਣਾ ਸੀਸ ਧਰਤੀ ਉੱਤੇ ਨਿਵਾਇਆ ਅਤੇ ਮੱਥਾ ਟੇਕਿਆ

9ਅਤੇ ਉਸ ਆਖਿਆ, ਹੇ ਪ੍ਰਭੂ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਪ੍ਰਭੂ ਸਾਡੇ ਨਾਲ ਚੱਲੇ ਭਾਵੇਂ ਇਹ ਹਠੀਏ ਹੀ ਲੋਕ ਹਨ ਅਤੇ ਸਾਡਾ ਕੁਧਰਮ ਅਤੇ ਸਾਡਾ ਪਾਪ ਬਖ਼ਸ਼ੇ ਅਤੇ ਸਾਨੂੰ ਆਪਣਾ ਅਧਿਕਾਰੀ ਬਣਾਵੇ।

10ਉਸ ਆਖਿਆ, ਵੇਖ ਮੈਂ ਇੱਕ ਨੇਮ ਬੰਨ੍ਹਦਾ ਹਾਂ। ਤੇਰੇ ਸਾਰੇ ਲੋਕਾਂ ਦੇ ਸਾਹਮਣੇ ਮੈਂ ਅਜਿਹੇ ਅਚਰਜ਼ ਕਰਾਂਗਾ ਜਿਹੜੇ ਨਾ ਸਾਰੀ ਧਰਤੀ ਉੱਤੇ ਨਾ ਕਿਸੇ ਕੌਮ ਵਿੱਚ ਕੀਤੇ ਗਏ ਹੋਣ ਅਤੇ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਤੂੰ ਹੈਂ ਯਹੋਵਾਹ ਦੇ ਕੰਮ ਨੂੰ ਵੇਖਣਗੇ ਕਿਉਂ ਜੋ ਉਹ ਇੱਕ ਡਰਾਉਣੀ ਗੱਲ ਹੈ ਜਿਹੜੀ ਮੈਂ ਤੇਰੇ ਨਾਲ ਕਰਦਾ ਹਾਂ।

11ਜੋ ਮੈਂ ਤੈਨੂੰ ਅੱਜ ਦੇ ਦਿਨ ਹੁਕਮ ਦਿੰਦਾ ਹਾਂ ਉਸ ਨੂੰ ਮੰਨੋ ਅਤੇ ਵੇਖ ਮੈਂ ਤੇਰੇ ਅੱਗੇ ਅਮੋਰੀ, ਕਨਾਨੀ, ਹਿੱਤੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀਆਂ ਨੂੰ ਧੱਕ ਰਿਹਾ ਹਾਂ।

12ਸੁਚੇਤ ਰਹਿ ਮਤੇ ਤੂੰ ਉਸ ਦੇਸ਼ ਦੇ ਵਸਨੀਕਾਂ ਨਾਲ ਨੇਮ ਬੰਨ੍ਹੇਂ ਜਿੱਥੇ ਤੂੰ ਜਾਂਦਾ ਹੈ ਅਜਿਹਾ ਨਾ ਹੋਵੇ ਜੋ ਉਹ ਤੇਰੇ ਵਿਚਕਾਰ ਇੱਕ ਫਾਹੀ ਹੋਵੇ।

13ਕਿਉਂ ਜੋ ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਿਓ, ਉਹਨਾਂ ਦੇ ਥੰਮ੍ਹਾਂ ਨੂੰ ਚੂਰ-ਚੂਰ ਕਰ ਦਿਓ, ਉਹਨਾਂ ਦੀ ਅਸ਼ੇਰਾਹ ਦੇਵੀ ਦੇ ਟੁੰਡਾਂ ਨੂੰ ਵੱਢ ਸੁੱਟਿਓ।

14ਤੂੰ ਹੋਰ ਕਿਸੇ ਦੇਵਤੇ ਅੱਗੇ ਮੱਥਾ ਨਾ ਟੇਕੀਂ। ਯਹੋਵਾਹ ਜਿਸ ਦਾ ਨਾਮ ਗ਼ੈਰਤ ਵਾਲਾ ਹੈ ਉਹ ਇੱਕ ਗ਼ੈਰਤੀ ਪਰਮੇਸ਼ੁਰ ਹੈ

15ਕਿਤੇ ਤੂੰ ਉਸ ਦੇਸ਼ ਦੇ ਵਸਨੀਕਾਂ ਨਾਲ ਨੇਮ ਬੰਨ੍ਹੇਂ ਅਤੇ ਜਦ ਉਹ ਆਪਣੇ ਦੇਵਤਿਆਂ ਦੇ ਪਿੱਛੇ ਵਿਭਚਾਰ ਕਰਨ ਅਤੇ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤਾਂ ਕੋਈ ਤੈਨੂੰ ਸੱਦੇ ਅਤੇ ਤੂੰ ਉਸ ਦੀ ਬਲੀ ਤੋਂ ਖਾਵੇਂ

16ਅਤੇ ਤੂੰ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਲਵੇਂ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਦੇ ਪਿੱਛੇ ਵਿਭਚਾਰ ਕਰਨ ਅਤੇ ਤੇਰੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਦੇ ਮਗਰ ਵਿਭਚਾਰ ਕਰਾਉਣ।

17ਤੂੰ ਆਪਣੇ ਲਈ ਢਾਲ਼ੇ ਹੋਏ ਦੇਵਤੇ ਨਾ ਬਣਾਈਂ।

18ਪਤੀਰੀ ਰੋਟੀ ਦਾ ਪਰਬ ਮਨਾਈਂ। ਤੂੰ ਸੱਤ ਦਿਨ ਪਤੀਰੀ ਰੋਟੀ ਖਾਵੀਂ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇਂ ਉੱਤੇ ਕਿਉਂ ਜੋ ਤੂੰ ਅਬੀਬ ਦੇ ਮਹੀਨੇ ਮਿਸਰ ਤੋਂ ਬਾਹਰ ਆਇਆ।

19ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਅਤੇ ਤੇਰੇ ਸਾਰੇ ਪਸ਼ੂਆਂ ਵਿੱਚੋਂ ਗਾਈਆਂ ਅਤੇ ਭੇਡਾਂ ਦੇ ਪਹਿਲੌਠੇ ਨਰ ਮੇਰੇ ਹਨ

20ਪਰ ਗਧੀ ਦੇ ਪਹਿਲੌਠੇ ਤੂੰ ਇੱਕ ਲੇਲੇ ਦੇ ਵੱਟੇ ਛੁਡਾ ਲਵੀਂ ਅਤੇ ਜੇ ਤੂੰ ਉਸ ਨੂੰ ਨਾ ਛੁਡਾਵੇਂ ਤਾਂ ਤੂੰ ਉਸ ਦੀ ਧੌਣ ਭੰਨ ਸੁੱਟੀਂ। ਆਪਣੇ ਪੁੱਤਰਾਂ ਵਿੱਚੋਂ ਹਰ ਇੱਕ ਪਹਿਲੌਠੇ ਨੂੰ ਤੂੰ ਛੁਡਾਵੀਂ ਅਤੇ ਉਹ ਮੇਰੇ ਸਨਮੁਖ ਸੱਖਣੇ ਹੱਥ ਨਾ ਦਿੱਸਣ।

21ਛੇ ਦਿਨ ਤੂੰ ਕੰਮ ਕਰੀਂ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰੀਂ। ਵਾਹੁਣ ਦੇ ਵੇਲੇ ਅਤੇ ਵੱਢਣ ਦੇ ਵੇਲੇ ਤੂੰ ਵਿਸ਼ਰਾਮ ਕਰੀਂ।

22ਅਤੇ ਤੂੰ ਹਫ਼ਤਿਆਂ ਦਾ ਪਰਬ ਅਤੇ ਕਣਕ ਦੀ ਫ਼ਸਲ ਦੇ ਪਹਿਲੇ ਫਲ ਅਤੇ ਸਾਲ ਦੇ ਅੰਤ ਵਿੱਚ ਫ਼ਸਲ ਦੇ ਸਾਂਭਣ ਦਾ ਪਰਬ ਮਨਾਈਂ।

23ਸਾਲ ਵਿੱਚ ਤਿੰਨ ਵਾਰੀ ਤੇਰੇ ਸਾਰੇ ਪੁਰਖ ਪ੍ਰਭੂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਹੋਣ।

24ਕਿਉਂ ਜੋ ਮੈਂ ਤੇਰੇ ਅੱਗੋਂ ਕੌਮਾਂ ਨੂੰ ਕੱਢਾਂਗਾ ਅਤੇ ਤੇਰੀਆਂ ਹੱਦਾਂ ਨੂੰ ਵਧਾਵਾਂਗਾ ਅਤੇ ਕੋਈ ਮਨੁੱਖ ਤੇਰੀ ਧਰਤੀ ਦਾ ਲੋਭ ਨਾ ਕਰੇਗਾ ਜਦ ਤੂੰ ਸਾਲ ਵਿੱਚ ਤਿੰਨ ਵਾਰੀ ਆਪਣੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵੇਂ।

25ਤੂੰ ਮੇਰੀ ਬਲੀ ਦਾ ਲਹੂ ਖ਼ਮੀਰੀ ਰੋਟੀ ਨਾਲ ਨਾ ਚੜ੍ਹਾਵੀਂ ਅਤੇ ਨਾ ਪਸਾਹ ਦੇ ਪਰਬ ਦੀ ਬਲੀ ਤੋਂ ਸਵੇਰ ਤੱਕ ਰੱਖ ਛੱਡੀਂ।

26ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲਾ ਫਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲਿਆਵੀਂ। ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੀਂ।

27ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਇਨ੍ਹਾਂ ਗੱਲਾਂ ਨੂੰ ਲਿਖ ਕਿਉਂ ਜੋ ਇਨ੍ਹਾਂ ਗੱਲਾਂ ਦੇ ਅਨੁਸਾਰ ਮੈਂ ਤੇਰੇ ਅਤੇ ਇਸਰਾਏਲ ਦੇ ਨਾਲ ਨੇਮ ਕੀਤਾ ਹੈ।

28ਉਹ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਯਹੋਵਾਹ ਨਾਲ ਉੱਥੇ ਹੀ ਰਿਹਾ। ਨਾ ਉਸ ਰੋਟੀ ਖਾਧੀ ਨਾ ਪਾਣੀ ਪੀਤਾ ਅਤੇ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਨੇਮ ਦੀਆਂ ਗੱਲਾਂ ਅਰਥਾਤ ਦਸ ਹੁਕਮ ਲਿਖੇ।

29ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਸੀਨਈ ਪਰਬਤ ਤੋਂ ਉੱਤਰਿਆ ਤਾਂ ਮੂਸਾ ਦੇ ਹੱਥ ਵਿੱਚ ਪਰਬਤ ਤੋਂ ਉਤਰਨ ਦੇ ਸਮੇਂ ਸਾਖੀ ਦੀਆਂ ਦੋ ਫੱਟੀਆਂ ਸਨ ਅਤੇ ਮੂਸਾ ਨੂੰ ਮਲੂਮ ਨਾ ਹੋਇਆ ਕਿ ਉਸ ਦਾ ਚਿਹਰਾ ਉਸ ਦੇ ਨਾਲ ਬੋਲਣ ਦੇ ਕਾਰਨ ਚਮਕਦਾ ਹੈ।

30ਜਦ ਹਾਰੂਨ ਨੇ ਅਤੇ ਇਸਰਾਏਲੀਆਂ ਨੇ ਮੂਸਾ ਨੂੰ ਵੇਖਿਆ ਤਾਂ ਉਸ ਦਾ ਚਿਹਰਾ ਚਮਕਦਾ ਸੀ ਅਤੇ ਉਹ ਉਸ ਦੇ ਨੇੜੇ ਜਾਣ ਤੋਂ ਡਰੇ।

31ਮੂਸਾ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਹਾਰੂਨ ਅਤੇ ਮੰਡਲੀ ਦੇ ਸਾਰੇ ਪ੍ਰਧਾਨ ਉਸ ਦੇ ਕੋਲ ਮੁੜ ਆਏ ਅਤੇ ਮੂਸਾ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ।

32ਫੇਰ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਤਾਂ ਉਸ ਨੇ ਸਾਰੇ ਹੁਕਮ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਰਬਤ ਉੱਤੇ ਆਖੇ ਸਨ ਉਨ੍ਹਾਂ ਨੂੰ ਦਿੱਤੇ।

33ਜਦ ਮੂਸਾ ਉਨ੍ਹਾਂ ਨਾਲ ਗੱਲਾਂ ਕਰ ਚੁੱਕਿਆ ਤਾਂ ਆਪਣੇ ਮੂੰਹ ਉੱਤੇ ਪਰਦਾ ਪਾ ਲਿਆ।

34ਜਦ ਮੂਸਾ ਯਹੋਵਾਹ ਦੇ ਸਨਮੁਖ ਗੱਲਾਂ ਕਰਨ ਲਈ ਜਾਂਦਾ ਸੀ ਤਾਂ ਪਰਦਾ ਲਾਹ ਸੁੱਟਦਾ ਸੀ ਜਦ ਤੱਕ ਉਹ ਬਾਹਰ ਨਹੀਂ ਸੀ ਆਉਂਦਾ ਅਤੇ ਬਾਹਰ ਆ ਕੇ ਉਹ ਇਸਰਾਏਲੀਆਂ ਨੂੰ ਜੋ ਉਹ ਨੂੰ ਹੁਕਮ ਹੁੰਦਾ ਸੀ ਦੱਸਦਾ ਸੀ।

35ਇਸਰਾਏਲੀ ਮੂਸਾ ਦੇ ਮੂੰਹ ਨੂੰ ਵੇਖਦੇ ਸਨ ਕਿ ਮੂਸਾ ਦਾ ਚਿਹਰਾ ਚਮਕਦਾ ਹੈ ਤਾਂ ਮੂਸਾ ਫੇਰ ਆਪਣੇ ਮੂੰਹ ਉੱਤੇ ਪਰਦਾ ਪਾ ਲੈਂਦਾ ਸੀ ਜਦ ਤੱਕ ਉਹ ਦੇ ਨਾਲ ਗੱਲਾਂ ਕਰਨ ਨੂੰ ਅੰਦਰ ਨਾ ਆਉਂਦਾ ਸੀ।

← ਕੂਚ 33 ਕੂਚ ਕੂਚ 35 →