We Believe JesusFé, Esperança e Nova Vida

ਕੂਚ 25

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਕੂਚ 24 ਕੂਚ ਕੂਚ 26 →

1ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ

2ਇਸਰਾਏਲੀਆਂ ਨੂੰ ਆਖ ਕਿ ਉਹ ਮੇਰੇ ਲਈ ਭੇਟ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰੇ ਲਈ ਭੇਟ ਲਿਓ।

3ਇਹ ਉਹ ਭੇਟ ਹੈ ਜਿਹੜੀ ਤੁਸੀਂ ਉਨ੍ਹਾਂ ਤੋਂ ਲਿਓ ਅਰਥਾਤ ਸੋਨਾ ਚਾਂਦੀ ਪਿੱਤਲ

4ਨੀਲਾ, ਬੈਂਗਣੀ, ਕਿਰਮਚੀ ਰੰਗ ਅਤੇ ਮਹੀਨ ਕਤਾਨ ਅਤੇ ਪਸ਼ਮ

5ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ

6ਅਤੇ ਦੀਵੇ ਦਾ ਤੇਲ ਅਤੇ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ

7ਸੁਲੇਮਾਨੀ ਪੱਥਰ ਅਤੇ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।

8ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ।

9ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ ਡੇਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ।

10ਉਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ।

11ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀਂ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫ਼ੇਰੇ ਬਣਾਈਂ।

12ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ।

13ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ।

14ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ।

15ਚੋਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਉਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ।

16ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ।

17ਤੂੰ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਹੋਵੇ।

18ਤੂੰ ਸੋਨੇ ਦੇ ਦੋ ਕਰੂਬੀ ਬਣਾਈਂ। ਤੂੰ ਉਨ੍ਹਾਂ ਨੂੰ ਘੜ੍ਹ ਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਘੜ੍ਹ ਕੇ ਬਣਾਈਂ।

19ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ। ਪ੍ਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਪਾਸਿਆਂ ਉੱਤੇ ਕਰੂਬੀਆਂ ਨੂੰ ਬਣਾਇਓ।

20ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਿਲਾਰੇ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਤੇ ਉਨ੍ਹਾਂ ਦੇ ਮੂੰਹ ਆਹਮੋ-ਸਾਹਮਣੇ ਹੋਣ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਹੋਣ।

21ਅਤੇ ਤੂੰ ਪ੍ਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਤੇ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ।

22ਤਦ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ।

23ਤੂੰ ਸ਼ਿੱਟੀਮ ਦੀ ਲੱਕੜੀ ਦਾ ਇੱਕ ਮੇਜ਼ ਬਣਾਈਂ। ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਹੋਵੇ।

24ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹੀਂ ਅਤੇ ਉਸ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ।

25ਤੂੰ ਉਹ ਦੇ ਲਈ ਚੁਫ਼ੇਰੇ ਇੱਕ ਚੱਪਾ ਕਿਨਾਰੀ ਬਣਾਈਂ ਅਤੇ ਤੂੰ ਕਿਨਾਰੀ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ।

26ਤੂੰ ਉਹ ਦੇ ਲਈ ਸੋਨੇ ਦੇ ਚਾਰ ਕੜੇ ਬਣਾਈਂ ਅਤੇ ਤੂੰ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵਿਆਂ ਉੱਤੇ ਹਨ ਪਾਈਂ।

27ਕਿਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਉਹ ਮੇਜ਼ ਚੁੱਕਣ ਨੂੰ ਚੋਬਾਂ ਦੇ ਲਈ ਥਾਂ ਹੋਣ।

28ਤੂੰ ਉਹ ਚੋਬਾਂ ਸ਼ਿੱਟੀਮ ਦੀਆਂ ਲੱਕੜੀ ਦੀ ਬਣਾਈਂ। ਤੂੰ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਤਾਂ ਜੋ ਮੇਜ਼ ਉਨ੍ਹਾਂ ਨਾਲ ਚੁੱਕੀ ਜਾਵੇ।

29ਨਾਲੇ ਤੂੰ ਉਸ ਦੀਆਂ ਥਾਲੀਆਂ, ਚਮਚੇ, ਉਸ ਦੇ ਗੜਵੇ ਅਤੇ ਡੋਲ੍ਹਣ ਦੇ ਕਟੋਰੇ ਬਣਾਈਂ ਉਹ ਕੁੰਦਨ ਸੋਨੇ ਦੇ ਬਣਾਈਂ।

30ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀ ਰੋਟੀ ਸਦਾ ਲਈ ਰੱਖਿਆ ਕਰੀਂ।

31ਤੂੰ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਈਂ। ਉਹ ਸ਼ਮਾਦਾਨ ਘੜ੍ਹ ਕੇ ਬਣਾਇਆ ਜਾਵੇ। ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ ਉਸ ਦੇ ਕਟੋਰੇ ਉਸ ਦੇ ਗੋਲੇ ਅਤੇ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ।

32ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਣ। ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ।

33ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਇਸ ਤਰ੍ਹਾਂ ਹੀ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹੋਣ।

34ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਤੇ ਉਹ ਦੇ ਫੁੱਲ

35ਅਤੇ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ।

36ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸੇ ਤੋਂ ਹੋਣ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁੱਕੜੇ ਤੋਂ ਹੋਵੇ।

37ਤੂੰ ਉਸ ਦੇ ਸੱਤ ਦੀਵੇ ਬਣਾਈਂ ਅਤੇ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਉਹ ਆਹਮੋ-ਸਾਹਮਣੇ ਚਾਨਣ ਦੇਣ।

38ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ

39ਅਤੇ ਕੁੰਦਨ ਸੋਨੇ ਦੇ ਇੱਕ ਮਣ25:39 35 ਕਿੱਲੋ ਦੇ ਲੱਗਭੱਗ ਤੋਂ ਇਹ ਅਤੇ ਇਹ ਸਾਰੇ ਭਾਂਡੇ ਬਣਾਏ ਜਾਣ।

40ਸੋ ਵੇਖ ਤੂੰ ਉਨ੍ਹਾਂ ਨੂੰ ਉਸੇ ਨਮੂਨੇ ਦੇ ਬਣਾਈਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਗਿਆ ਹੈ।

← ਕੂਚ 24 ਕੂਚ ਕੂਚ 26 →