We Believe JesusFé, Esperança e Nova Vida

ਕੂਚ 21

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਕੂਚ 20 ਕੂਚ ਕੂਚ 22 →

1ਇਹ ਉਹ ਨਿਆਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ।

2ਜਦ ਤੂੰ ਇਬਰਾਨੀ ਗ਼ੁਲਾਮ ਲਵੇਂ ਤਾਂ ਉਹ ਛੇ ਸਾਲ ਤੇਰੀ ਸੇਵਾ ਕਰੇ ਪਰ ਸੱਤਵੇਂ ਸਾਲ ਉਹ ਮੁਫ਼ਤ ਅਜ਼ਾਦ ਹੋ ਕੇ ਚੱਲਿਆ ਜਾਵੇ।

3ਜੇ ਉਹ ਇਕੱਲਾ ਆਇਆ ਹੋਵੇ ਤਾਂ ਇਕੱਲਾ ਚੱਲਿਆ ਜਾਵੇ ਅਤੇ ਜੇ ਉਹ ਔਰਤ ਵਾਲਾ ਸੀ ਤਾਂ ਉਸ ਦੀ ਔਰਤ ਉਸ ਦੇ ਨਾਲ ਚੱਲੀ ਜਾਵੇ।

4ਜੇ ਉਸ ਦੇ ਸੁਆਮੀ ਨੇ ਉਸ ਨੂੰ ਔਰਤ ਦਿੱਤੀ ਹੋਵੇ ਅਤੇ ਉਹ ਉਸ ਲਈ ਪੁੱਤਰ ਧੀਆਂ ਜਣੀ ਤਾਂ ਉਹ ਔਰਤ ਅਤੇ ਉਹ ਦੇ ਬੱਚੇ ਉਹ ਦੇ ਸੁਆਮੀ ਦੇ ਹੋਣਗੇ ਅਤੇ ਉਹ ਇਕੱਲਾ ਚੱਲਿਆ ਜਾਵੇ।

5ਪਰ ਜੇ ਦਾਸ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸੁਆਮੀ ਅਤੇ ਆਪਣੀ ਔਰਤ ਅਤੇ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਹਾਂ। ਮੈਂ ਅਜ਼ਾਦ ਹੋ ਕੇ ਚੱਲਿਆ ਨਹੀਂ ਜਾਂਵਾਂਗਾ

6ਤਾਂ ਉਸ ਦਾ ਸੁਆਮੀ ਉਸ ਨੂੰ ਪਰਮੇਸ਼ੁਰ ਦੇ ਕੋਲ ਲਿਆਵੇ ਅਤੇ ਉਹ ਦਰਵਾਜ਼ੇ ਦੇ ਕੋਲ ਅਰਥਾਤ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸੁਆਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ।

7ਅਤੇ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋਲੀ ਹੋਣ ਲਈ ਵੇਚੇ ਤਾਂ ਉਹ ਦਾਸੀਆਂ ਵਾਂਗੂੰ ਬਾਹਰ ਨਾ ਚੱਲੀ ਜਾਵੇ।

8ਜੇ ਉਹ ਆਪਣੇ ਸੁਆਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ। ਗੈਰ ਕੌਮ ਵਿੱਚ ਉਹ ਉਸ ਨੂੰ ਵੇਚ ਨਹੀਂ ਸਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ।

9ਜੇ ਉਹ ਉਸ ਦੀ ਆਪਣੇ ਪੁੱਤਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ।

10ਜੇ ਉਹ ਦੂਜੀ ਔਰਤ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕੱਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ।

11ਜੇ ਉਹ ਉਸ ਦੇ ਲਈ ਇਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਫ਼ਤ ਬਿਨਾਂ ਚਾਂਦੀ ਦੇ ਚੱਲੀ ਜਾਵੇ।

12ਜੇ ਕੋਈ ਮਨੁੱਖ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜ਼ਰੂਰ ਮਾਰਿਆ ਜਾਵੇ।

13ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਤੇ ਪਰਮੇਸ਼ੁਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈਂ ਤੇਰੇ ਲਈ ਇੱਕ ਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ।

14ਜੇ ਕੋਈ ਮਨੁੱਖ ਆਪਣੇ ਗੁਆਂਢੀ ਉੱਤੇ ਧੱਕੋ-ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈ ਕੇ ਮਾਰ ਦੇ।

15ਜੇ ਕੋਈ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਮਾਰੇ ਉਹ ਜ਼ਰੂਰ ਮਾਰਿਆ ਜਾਵੇ।

16ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜ਼ਰੂਰ ਮਾਰਿਆ ਜਾਵੇ।

17ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਫਿਟਕਾਰੇ ਉਹ ਜ਼ਰੂਰ ਮਾਰਿਆ ਜਾਵੇ।

18ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗੁਆਂਢੀ ਨੂੰ ਪੱਥਰ ਨਾਲ ਜਾਂ ਹੂਰੇ ਨਾਲ ਮਾਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ

19ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ। ਨਿਰਾ ਉਸ ਦੇ ਵਿਹਲੇ ਸਮੇਂ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਚੰਗਾ ਕਰਾਵੇ।

20ਜਿਹੜਾ ਮਨੁੱਖ ਆਪਣੇ ਦਾਸ ਨੂੰ ਜਾਂ ਆਪਣੀ ਗੋਲੀ ਨੂੰ ਡਾਂਗ ਨਾਲ ਅਜਿਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ।

21ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ।

22ਜਦ ਕਦੀ ਮਨੁੱਖ ਆਪੋ ਵਿੱਚ ਹੱਥੋਂ ਪਾਈ ਹੋਣ ਅਤੇ ਕਿਸੇ ਗਰਭਵਤੀ ਔਰਤ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜ਼ਰੂਰ ਦੰਡ ਭਰੇ ਜਿੰਨਾਂ ਉਸ ਔਰਤ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਂਈਆਂ ਦੇ ਆਖੇ ਦੇ ਅਨੁਸਾਰ ਦੇਵੇ।

23ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ,

24ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ,

25ਸਾੜਨ ਦੇ ਵੱਟੇ ਸਾੜਨ, ਫੱਟ ਦੇ ਵੱਟੇ ਫੱਟ, ਸੱਟ ਦੇ ਵੱਟੇ ਸੱਟ ਤੂੰ ਦੇ।

26ਜਦ ਕੋਈ ਮਨੁੱਖ ਆਪਣੇ ਦਾਸ ਦੀ ਅੱਖ ਜਾਂ ਆਪਣੀ ਦਾਸੀ ਦੀ ਅੱਖ ਉੱਤੇ ਅਜਿਹਾ ਮਾਰੇ ਕਿ ਉਹ ਮਾਰੀ ਜਾਵੇ ਤਾਂ ਉਹ ਉਸ ਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰ ਕੇ ਜਾਣ ਦੇਵੇ।

27ਜੇ ਉਹ ਆਪਣੇ ਦਾਸ ਦੇ ਦੰਦ ਜਾਂ ਆਪਣੀ ਗੋਲੀ ਦੇ ਦੰਦ ਨੂੰ ਭੰਨ ਸੁੱਟੇ ਤਾਂ ਉਹ ਉਸ ਨੂੰ ਦੰਦ ਦੇ ਵੱਟੇ ਵਿੱਚ ਅਜ਼ਾਦ ਕਰ ਕੇ ਜਾਣ ਦੇਵੇ।

28ਜਦ ਕੋਈ ਬਲ਼ਦ ਕਿਸੇ ਮਨੁੱਖ ਨੂੰ ਜਾਂ ਕਿਸੇ ਔਰਤ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲ਼ਦ ਨੂੰ ਜ਼ਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲ਼ਦ ਦਾ ਮਾਲਕ ਬੇਦੋਸ਼ਾ ਠਹਿਰੇ।

29ਜੇ ਉਹ ਬਲ਼ਦ ਪਿੱਛੇ ਵੀ ਮਾਰ-ਕਾਟ ਹੁੰਦਾ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਤੇ ਉਸ ਨੇ ਕਿਸੇ ਮਨੁੱਖ ਜਾਂ ਔਰਤ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲ਼ਦ ਨੂੰ ਵੱਟਿਆਂ ਨਾਲ ਮਾਰਿਆ ਜਾਵੇ ਅਤੇ ਉਸ ਦਾ ਮਾਲਕ ਵੀ ਮਾਰਿਆ ਜਾਵੇ।

30ਜਦ ਨਿਸਤਾਰੇ ਦਾ ਮੁੱਲ ਉਸ ਉੱਤੇ ਠਹਿਰਾਇਆ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁਝ ਉਸ ਉੱਤੇ ਠਹਿਰਾਇਆ ਜਾਵੇ ਉਹੀ ਦੇਵੇ।

31ਜੇ ਉਸ ਨੇ ਪੁੱਤਰ ਨੂੰ ਸਿੰਙ ਮਾਰਿਆ ਹੋਵੇ ਜਾਂ ਧੀ ਨੂੰ ਸਿੰਙ ਮਾਰਿਆ ਹੋਵੇ ਤਾਂ ਉਸੇ ਨਿਆਂ ਦੇ ਅਨੁਸਾਰ ਉਸ ਨਾਲ ਕੀਤਾ ਜਾਵੇ।

32ਜੇ ਉਹ ਬਲ਼ਦ ਦਾਸ ਨੂੰ ਜਾਂ ਗੋਲੀ ਨੂੰ ਸਿੰਙ ਮਾਰੇ ਤਾਂ ਤੀਹ ਰੁੱਪਈਏ ਚਾਂਦੀ21:32 342 ਗ੍ਰਾਮ ਦੇ ਉਸ ਦੇ ਸੁਆਮੀ ਨੂੰ ਦਿੱਤੇ ਜਾਣ ਅਤੇ ਬਲ਼ਦ ਵੱਟਿਆਂ ਨਾਲ ਮਾਰਿਆ ਜਾਵੇ।

33ਜਦ ਕੋਈ ਮਨੁੱਖ ਟੋਆ ਖੋਲ੍ਹੇ ਜਾਂ ਟੋਆ ਪੁੱਟ ਕੇ ਉਸ ਨੂੰ ਨਾ ਢੱਕੇ ਅਤੇ ਉਸ ਵਿੱਚ ਬਲ਼ਦ ਜਾਂ ਗਧਾ ਡਿੱਗ ਪਵੇ

34ਤਾਂ ਟੋਏ ਦਾ ਮਾਲਕ ਉਹ ਦਾ ਘਾਟਾ ਭਰੇ ਅਤੇ ਚਾਂਦੀ ਉਸ ਦੇ ਮਾਲਕ ਨੂੰ ਮੋੜ ਦੇਵੇ। ਫੇਰ ਲੋਥ ਉਸ ਦੀ ਹੋਵੇਗੀ।

35ਜਦ ਕਦੀ ਕਿਸੇ ਦਾ ਬਲ਼ਦ ਉਸ ਦੇ ਗੁਆਂਢੀ ਦੇ ਬਲ਼ਦ ਨੂੰ ਮਾਰੇ ਅਤੇ ਉਹ ਮਰ ਜਾਵੇ ਤਾਂ ਜਿਉਂਦੇ ਬਲ਼ਦ ਨੂੰ ਵੇਚ ਦੇਣ ਅਤੇ ਉਸ ਦੀ ਚਾਂਦੀ ਨੂੰ ਵੰਡ ਲੈਣ ਅਤੇ ਲੋਥ ਵੀ ਵੰਡ ਲੈਣ।

36ਅਥਵਾ ਜੇ ਇਹ ਜਾਣਿਆ ਗਿਆ ਕਿ ਉਹ ਪਿੱਛੇ ਵੀ ਮਾਰ-ਕਾਟ ਹੁੰਦਾ ਦੀ ਪਰ ਉਸ ਦੇ ਮਾਲਕ ਨੇ ਉਸ ਨੂੰ ਨਹੀਂ ਸਾਂਭਿਆ ਤਾਂ ਉਹ ਜ਼ਰੂਰ ਘਾਟਾ ਭਰੇ ਅਤੇ ਬਲ਼ਦ ਦੇ ਵੱਟੇ ਬਲ਼ਦ ਦੇਵੇ ਅਤੇ ਉਹ ਲੋਥ ਉਹ ਦੀ ਹੋਵੇਗੀ।

← ਕੂਚ 20 ਕੂਚ ਕੂਚ 22 →