We Believe JesusFé, Esperança e Nova Vida

ਕੂਚ 19

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਕੂਚ 18 ਕੂਚ ਕੂਚ 20 →

1ਤੀਜੇ ਮਹੀਨੇ ਦੇ ਉਸੇ ਦਿਨ ਵਿੱਚ ਜਦ ਇਸਰਾਏਲੀ ਮਿਸਰ ਦੇਸ ਤੋਂ ਨਿੱਕਲੇ ਉਹ ਸੀਨਈ ਦੀ ਉਜਾੜ ਵਿੱਚ ਆਏ।

2ਅਤੇ ਰਫ਼ੀਦੀਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਪਹੁੰਚੇ ਅਤੇ ਉੱਥੇ ਉਜਾੜ ਵਿੱਚ ਡੇਰੇ ਲਾਏ ਅਤੇ ਇਸਰਾਏਲ ਨੇ ਪਰਬਤ ਦੇ ਅੱਗੇ ਡੇਰਾ ਕੀਤਾ।

3ਤਾਂ ਮੂਸਾ ਪਰਮੇਸ਼ੁਰ ਕੋਲ ਚੜ੍ਹ ਗਿਆ ਅਤੇ ਯਹੋਵਾਹ ਨੇ ਪਰਬਤ ਤੋਂ ਉਸ ਨੂੰ ਪੁਕਾਰ ਕੇ ਆਖਿਆ ਤੂੰ ਯਾਕੂਬ ਦੇ ਘਰਾਣੇ ਨੂੰ ਇਸ ਤਰ੍ਹਾਂ ਆਖ ਅਤੇ ਇਸਰਾਏਲੀਆਂ ਨੂੰ ਦੱਸ

4ਕਿ ਤੁਸੀਂ ਵੇਖਿਆ ਜੋ ਮੈਂ ਇਸਰਾਏਲੀਆਂ ਨਾਲ ਕੀਤਾ ਅਤੇ ਤੁਹਾਨੂੰ ਉਕਾਬ ਦੇ ਖੰਭਾ ਉੱਤੇ ਬੈਠਾ ਕੇ ਆਪਣੇ ਕੋਲ ਲੈ ਆਇਆ।

5ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਤੇ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿੱਜ-ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ

6ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਸ਼ਾਹੀ ਮੰਡਲੀ ਅਤੇ ਪਵਿੱਤਰ ਕੌਮ ਹੋਵੋਗੇ। ਇਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰਾਏਲੀਆਂ ਨੂੰ ਦੱਸੇਂਗਾ।

7ਮੂਸਾ ਨੇ ਆ ਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹ ਸਾਰੀਆਂ ਗੱਲਾਂ ਉਨ੍ਹਾਂ ਦੇ ਅੱਗੇ ਰੱਖੀਆਂ ਜਿਹੜੀਆਂ ਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।

8ਫਿਰ ਸਾਰੀ ਪਰਜਾ ਨੇ ਰਲ ਕੇ ਉੱਤਰ ਦਿੱਤਾ, ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਦੇ ਅੱਗੇ ਰੱਖੀਆਂ।

9ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਬੱਦਲ ਦੇ ਓਹਲੇ ਵਿੱਚ ਆਉਂਦਾ ਹਾਂ ਤਾਂ ਜੋ ਪਰਜਾ ਗੱਲਾਂ ਸੁਣੇ ਜਿਹੜੀਆਂ ਮੈਂ ਤੇਰੇ ਨਾਲ ਕਰਾਂ ਨਾਲੇ ਉਹ ਸਦਾ ਲਈ ਤੇਰੇ ਉੱਤੇ ਪਰਤੀਤ ਕਰੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ।

10ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਕੋਲ ਜਾ ਅਤੇ ਅੱਜ ਅਤੇ ਕੱਲ ਉਨ੍ਹਾਂ ਨੂੰ ਪਵਿੱਤਰ ਕਰ ਅਤੇ ਉਹ ਆਪਣੇ ਬਸਤਰ ਧੋਣ।

11ਤੀਜੇ ਦਿਨ ਲਈ ਤਿਆਰ ਰਹਿਣ ਕਿਉਂਕਿ ਤੀਜੇ ਦਿਨ ਯਹੋਵਾਹ ਸਾਰੀ ਪਰਜਾ ਦੇ ਸਾਹਮਣੇ ਸੀਨਈ ਦੇ ਪਰਬਤ ਉੱਤੇ ਉੱਤਰੇਗਾ।

12ਤੂੰ ਪਰਜਾ ਲਈ ਚੁਫ਼ੇਰੇ ਇਹ ਆਖ ਕੇ ਹੱਦਾਂ ਬਣਾਈ ਕਿ ਤੁਸੀਂ ਧਿਆਨ ਰੱਖੋ ਅਤੇ ਪਰਬਤ ਉੱਤੇ ਨਾ ਚੜ੍ਹਿਓ, ਨਾ ਉਸ ਦੀ ਹੱਦ ਨੂੰ ਛੂਹਿਓ ਅਤੇ ਹਰ ਇੱਕ ਜਿਹੜਾ ਪਰਬਤ ਨੂੰ ਛੂਹੇ ਉਹ ਜ਼ਰੂਰ ਮਾਰਿਆ ਜਾਵੇ।

13ਕੋਈ ਹੱਥ ਉਸ ਨੂੰ ਨਾ ਛੂਹੇ ਪਰ ਉਹ ਵੱਟਿਆਂ ਨਾਲ ਮਾਰਿਆ ਜਾਵੇ ਜਾਂ ਤੀਰ ਨਾਲ ਵਿੰਨ੍ਹਿਆ ਜਾਵੇ ਭਾਵੇਂ ਪਸ਼ੂ ਹੋਵੇ ਭਾਵੇਂ ਮਨੁੱਖ ਹੋਵੇ, ਉਹ ਜਿਉਂਦਾ ਨਾ ਰਹੇ। ਜਦ ਤੁਰ੍ਹੀ ਦੀ ਅਵਾਜ਼ ਗੂੰਜੇ ਤਾਂ ਉਹ ਪਰਬਤ ਉੱਤੇ ਚੜ੍ਹਨ।

14ਮੂਸਾ ਪਰਬਤ ਤੋਂ ਪਰਜਾ ਕੋਲ ਉੱਤਰਿਆ ਅਤੇ ਪਰਜਾ ਨੂੰ ਪਵਿੱਤਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਬਸਤਰ ਧੋਤੇ।

15ਫਿਰ ਉਸ ਨੇ ਪਰਜਾ ਨੂੰ ਆਖਿਆ, ਤੀਜੇ ਦਿਨ ਲਈ ਤਿਆਰ ਰਹੋ ਅਤੇ ਔਰਤ ਦੇ ਨੇੜੇ ਨਾ ਜਾਓ।

16ਇਸ ਤਰ੍ਹਾਂ ਹੋਇਆ ਕਿ ਜਦ ਤੀਜੇ ਦਿਨ ਸਵੇਰਾ ਹੋਇਆ ਤਾਂ ਗਰਜਾਂ ਹੋਈਆਂ, ਲਿਸ਼ਕਾਂ ਪਈਆਂ ਅਤੇ ਇੱਕ ਕਾਲਾ ਬੱਦਲ ਪਰਬਤ ਉੱਤੇ ਸੀ, ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ।

17ਮੂਸਾ ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਡੇਰੇ ਤੋਂ ਬਾਹਰ ਲੈ ਆਇਆ ਅਤੇ ਉਹ ਪਰਬਤ ਦੇ ਹੇਠਾਂ ਖੜੇ ਹੋ ਗਏ।

18ਅਤੇ ਸਾਰੇ ਸੀਨਈ ਪਰਬਤ ਤੋਂ ਧੂੰਆਂ ਨਿੱਕਲਦਾ ਸੀ ਕਿਉਂ ਜੋ ਯਹੋਵਾਹ ਅੱਗ ਵਿੱਚ ਉਸ ਦੇ ਉੱਤੇ ਉੱਤਰਿਆ ਅਤੇ ਭੱਠੀ ਵਰਗਾ ਧੂੰਆਂ ਉਸ ਦੇ ਉੱਤੋਂ ਉੱਠ ਰਿਹਾ ਸੀ, ਸਾਰਾ ਪਰਬਤ ਬਹੁਤ ਕੰਬ19:18 ਜਾਂ ਸਾਰੇ ਲੋਕ ਕੰਬ ਗਏ ਰਿਹਾ ਸੀ।

19ਜਦ ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਹੁੰਦੀ ਜਾਂਦੀ ਸੀ ਤਾਂ ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਉਹ ਨੂੰ ਅਵਾਜ਼ ਨਾਲ ਉੱਤਰ ਦਿੱਤਾ।

20ਯਹੋਵਾਹ ਸੀਨਈ ਪਰਬਤ ਉੱਤੇ ਉੱਤਰਿਆ ਅਰਥਾਤ ਪਰਬਤ ਦੀ ਟੀਸੀ ਉੱਤੇ ਅਤੇ ਯਹੋਵਾਹ ਨੇ ਮੂਸਾ ਨੂੰ ਪਰਬਤ ਦੀ ਟੀਸੀ ਉੱਤੇ ਸੱਦਿਆ ਤਾਂ ਮੂਸਾ ਉਤਾਹਾਂ ਗਿਆ।

21ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠਾਂ ਜਾ ਅਤੇ ਪਰਜਾ ਨੂੰ ਚੇਤਾਵਨੀ ਦੇ ਕਰ ਮਤੇ ਉਹ ਵੇਖਣ ਨੂੰ ਯਹੋਵਾਹ ਕੋਲ ਅੱਗੇ ਆਉਣ ਅਤੇ ਉਨ੍ਹਾਂ ਵਿੱਚੋਂ ਬਹੁਤ ਡਿੱਗ ਪੈਣ।

22ਅਤੇ ਜਾਜਕ ਵੀ ਜਿਹੜੇ ਯਹੋਵਾਹ ਦੇ ਨੇੜੇ ਆਉਂਦੇ ਹਨ ਆਪਣੇ ਆਪ ਨੂੰ ਪਵਿੱਤਰ ਕਰਨ ਕਿਤੇ ਯਹੋਵਾਹ ਉਨ੍ਹਾਂ ਉੱਤੇ ਵਰ੍ਹ ਪਵੇ।

23ਮੂਸਾ ਨੇ ਯਹੋਵਾਹ ਨੂੰ ਆਖਿਆ ਕਿ ਲੋਕ ਸੀਨਈ ਪਰਬਤ ਉੱਤੇ ਨਹੀਂ ਚੜ੍ਹ ਸਕਦੇ ਕਿਉਂ ਜੋ ਤੂੰ ਸਾਨੂੰ ਤਗੀਦ ਨਾਲ ਆਖਿਆ ਸੀ ਕਿ ਪਰਬਤ ਦੀਆਂ ਹੱਦਾਂ ਬਣਾ ਰੱਖੋ ਅਤੇ ਉਹ ਨੂੰ ਪਵਿੱਤਰ ਕਰੋ।

24ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਹੇਠਾਂ ਜਾ ਅਤੇ ਫੇਰ ਉਤਾਹਾਂ ਆ ਤੂੰ ਅਤੇ ਤੇਰੇ ਨਾਲ ਹਾਰੂਨ ਪਰ ਜਾਜਕ ਅਤੇ ਲੋਕ ਯਹੋਵਾਹ ਕੋਲ ਚੜ੍ਹਨ ਲਈ ਨਾ ਆਉਣ ਕਿਤੇ ਉਹ ਉਨ੍ਹਾਂ ਉੱਤੇ ਨਾ ਵਰ੍ਹ ਪਵੇ।

25ਤਦ ਮੂਸਾ ਪਰਜਾ ਕੋਲ ਉਤਰਿਆ ਅਤੇ ਉਨ੍ਹਾਂ ਨੂੰ ਦੱਸਿਆ।

← ਕੂਚ 18 ਕੂਚ ਕੂਚ 20 →