We Believe JesusFé, Esperança e Nova Vida

ਉਪਦੇਸ਼ਕ 10

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਉਪਦੇਸ਼ਕ 9 ਉਪਦੇਸ਼ਕ ਉਪਦੇਸ਼ਕ 11 →

1ਮਰੀਆਂ ਮੱਖੀਆਂ ਗੰਧੀ ਦੇ ਤੇਲ ਨੂੰ ਦੁਰਗੰਧਤ ਕਰਦੀਆਂ ਹਨ, ਉਸੇ ਤਰ੍ਹਾਂ ਹੀ ਥੋੜ੍ਹੀ ਜਿਹੀ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।

2ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ, ਪਰ ਮੂਰਖ ਦਾ ਦਿਲ ਇਸ ਦੇ ਉਲਟ ਹੁੰਦਾ ਹੈ।

3ਹਾਂ, ਜਦ ਮੂਰਖ ਰਾਹ ਵਿੱਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ ਅਤੇ ਉਹ ਸਾਰਿਆਂ ਨੂੰ ਵਿਖਾਉਂਦਾ ਹੈ ਕਿ ਮੈਂ ਮੂਰਖ ਹਾਂ!

4ਜੇ ਹਾਕਮ ਦਾ ਕ੍ਰੋਧ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ।

5ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਦੇਖੀ, ਜੋ ਹਾਕਮ ਦੀ ਭੁੱਲ ਨਾਲ ਹੁੰਦੀ ਹੈ, -

6ਮੂਰਖਤਾਈ ਵੱਡੇ ਉੱਚੇ ਥਾਂ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ।

7ਮੈਂ ਦੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ ਅਤੇ ਸਰਦਾਰ ਦਾਸਾਂ ਵਾਂਗੂੰ ਧਰਤੀ ਉੱਤੇ ਪੈਦਲ ਤੁਰਦੇ ਹਨ।

8ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ ਅਤੇ ਜਿਹੜਾ ਕੰਧ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ।

9ਜਿਹੜਾ ਪੱਥਰਾਂ ਨੂੰ ਖੋਦਦਾ ਹੈ, ਉਹ ਉਹਨਾਂ ਕੋਲੋਂ ਸੱਟ ਖਾਂਦਾ ਹੈ ਅਤੇ ਜਿਹੜਾ ਲੱਕੜ ਚੀਰਦਾ ਹੈ, ਉਹ ਉਸੇ ਤੋਂ ਜੋਖ਼ਮ ਵਿੱਚ ਪੈਂਦਾ ਹੈ।

10ਜੇਕਰ ਲੋਹਾ ਖੁੰਡਾ ਹੋਵੇ ਅਤੇ ਮਨੁੱਖ ਉਸ ਦੀ ਧਾਰ ਤਿੱਖੀ ਨਾ ਕਰੇ, ਤਾਂ ਜ਼ੋਰ ਵਧੇਰੇ ਲਾਉਣਾ ਪੈਂਦਾ ਹੈ, ਪਰ ਸਫ਼ਲ ਹੋਣ ਲਈ ਬੁੱਧ ਵੱਡੀ ਗੁਣਕਾਰ ਹੈ।

11ਜੇ ਸੱਪ ਮੰਤਰ ਪੜ੍ਹੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰ ਪੜ੍ਹਨ ਵਾਲੇ ਨੂੰ ਕੁਝ ਲਾਭ ਨਾ ਹੋਵੇਗਾ।

12ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਆਪਣੇ ਮੂੰਹ ਦੀਆਂ ਗੱਲਾਂ ਦੇ ਨਾਲ ਨਸ਼ਟ ਹੋ ਜਾਂਦੇ ਹਨ।

13ਉਹ ਦੇ ਮੂੰਹ ਦੀਆਂ ਗੱਲਾਂ ਦੀ ਸ਼ੁਰੂਆਤ ਮੂਰਖਤਾਈ ਹੈ ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।

14ਮੂਰਖ ਢੇਰ ਸਾਰੀਆਂ ਗੱਪਾਂ ਮਾਰਦਾ ਹੈ, ਤਾਂ ਵੀ ਮਨੁੱਖ ਨਹੀਂ ਜਾਣਦਾ ਕਿ ਕੀ ਹੋਵੇਗਾ ਅਤੇ ਜੋ ਕੁਝ ਉਹ ਦੇ ਬਾਅਦ ਹੋਵੇਗਾ, ਉਹ ਨੂੰ ਕੌਣ ਦੱਸ ਸਕਦਾ ਹੈ?

15ਮੂਰਖ ਦੀ ਮਿਹਨਤ ਉਹ ਨੂੰ ਇਸ ਤਰ੍ਹਾਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ।

16ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।

17ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ ਅਤੇ ਤੇਰੇ ਹਾਕਮ ਵੇਲੇ ਸਿਰ ਜ਼ੋਰ ਵਧਾਉਣ ਲਈ ਖਾਂਦੇ ਹਨ, ਨਾ ਕਿ ਨਸ਼ੇ ਲਈ।

18ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।

19ਦਾਵਤ ਖੁਸ਼ੀ ਦੇ ਲਈ ਕੀਤੀ ਜਾਂਦੀ ਹੈ ਅਤੇ ਮਧ ਮਨ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਚੀਜ਼ਾਂ ਦਾ ਉੱਤਰ ਹੈ।

20ਤੂੰ ਆਪਣੇ ਮਨ ਵਿੱਚ ਵੀ ਰਾਜੇ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਤੇਰੀ ਅਵਾਜ਼ ਨੂੰ ਲੈ ਉੱਡੇਗਾ ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।

← ਉਪਦੇਸ਼ਕ 9 ਉਪਦੇਸ਼ਕ ਉਪਦੇਸ਼ਕ 11 →