We Believe JesusFé, Esperança e Nova Vida

ਪਰਕਾਸ਼ ਦੀ ਪੋਥੀ 2

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਪਰਕਾਸ਼ ਦੀ ਪੋਥੀ 1 ਪਰਕਾਸ਼ ਦੀ ਪੋਥੀ ਪਰਕਾਸ਼ ਦੀ ਪੋਥੀ 3 →

1ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ, ਉਹ ਇਹ ਆਖਦਾ ਹੈ,

2ਮੈਂ ਤੇਰੇ ਕੰਮਾਂ, ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਵੀ ਜੋ ਤੂੰ ਬੁਰਿਆਂ ਦੀ ਸਹਿਣ ਨਹੀਂ ਕਰ ਸਕਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ, ਪਰ ਰਸੂਲ ਨਹੀਂ ਹਨ, ਤੂੰ ਦੇਖਿਆ ਕਿ ਉਹ ਝੂਠੇ ਹਨ।

3ਅਤੇ ਤੂੰ ਧੀਰਜ ਰੱਖਦਾ ਹੈਂ ਅਤੇ ਤੂੰ ਮੇਰੇ ਨਾਮ ਦੇ ਕਾਰਨ ਦੁੱਖ ਸਹਿੰਦਾ ਰਿਹਾ ਪਰ ਥੱਕਿਆ ਨਹੀਂ।

4ਪਰ ਫਿਰ ਵੀ ਮੈਨੂੰ ਤੇਰੇ ਵਿਰੁੱਧ ਇਹ ਆਖਣਾ ਹੈ ਕਿ ਤੂੰ ਆਪਣਾ ਪਹਿਲਾ ਪਿਆਰ ਛੱਡ ਦਿੱਤਾ ਹੈ।

5ਸੋ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ, ਤੋਬਾ ਕਰ ਅਤੇ ਪਹਿਲਾਂ ਵਰਗੇ ਹੀ ਕੰਮ ਕਰ! ਜੇ ਤੂੰ ਤੋਬਾ ਨਾ ਕੀਤੀ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਦੇ ਥਾਂ ਤੋਂ ਹਟਾ ਦਿਆਂਗਾ।

6ਪਰ ਤੇਰੇ ਵਿੱਚ ਇਹ ਗੱਲ ਚੰਗੀ ਹੈ, ਕਿ ਤੂੰ ਨਿਕੁਲਾਈਆਂ ਦੇ ਕੰਮਾਂ ਤੋਂ ਨਫ਼ਰਤ ਕਰਦਾ ਹੈਂ, ਜਿਨ੍ਹਾਂ ਤੋਂ ਮੈਂ ਵੀ ਨਫ਼ਰਤ ਕਰਦਾ ਹਾਂ।

7ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਖਾਣ ਲਈ ਦਿਆਂਗਾ, ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ।

8ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹੜਾ ਪਹਿਲਾ ਅਤੇ ਆਖਰੀ ਹੈ, ਜਿਹੜਾ ਮਰਿਆ ਅਤੇ ਫੇਰ ਜਿਉਂਦਾ ਹੋ ਗਿਆ, ਉਹ ਇਹ ਆਖਦਾ ਹੈ

9ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਨੂੰ ਧਨਵਾਨ ਹੈਂ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ।

10ਜਿਹੜੇ ਦੁੱਖ ਤੂੰ ਸਹਿਣ ਕਰਨੇ ਹਨ, ਤੂੰ ਉਹਨਾਂ ਤੋਂ ਨਾ ਡਰੀਂ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੂੰ ਕੈਦ ਵਿੱਚ ਪਾ ਦੇਵੇਗਾ ਅਤੇ ਤੁਹਾਨੂੰ ਦਸ ਦਿਨ ਤੱਕ ਤਸੀਹੇ ਦਿੱਤੇ ਜਾਣਗੇ। ਤੂੰ ਮੌਤ ਤੱਕ ਵਫ਼ਾਦਾਰ ਰਹਿ, ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।

11ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇਗੀ।

12ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹ ਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਉਹ ਇਹ ਆਖਦਾ ਹੈ,

13ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈਂ ਜਿੱਥੇ ਸ਼ੈਤਾਨ ਦੀ ਗੱਦੀ ਹੈ। ਤੂੰ ਮਜ਼ਬੂਤੀ ਨਾਲ ਮੇਰਾ ਨਾਮ ਫੜ੍ਹੀ ਰੱਖਦਾ ਹੈਂ ਅਤੇ ਤੂੰ ਉਹਨਾਂ ਦਿਨਾਂ ਵਿੱਚ ਵੀ ਮੇਰੇ ਵਿਸ਼ਵਾਸ ਤੋਂ ਇੰਨਕਾਰ ਨਹੀਂ ਕੀਤਾ, ਜਦੋਂ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਵਫ਼ਾਦਾਰ ਸੀ, ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵੱਸਦਾ ਹੈ।

14ਪਰ ਤਾਂ ਵੀ ਮੈਨੂੰ ਤੇਰੇ ਤੋਂ ਕੁਝ ਸ਼ਿਕਾਇਤਾਂ ਹਨ, ਕਿ ਉੱਥੇ ਤੇਰੇ ਕੋਲ ਉਹ ਹਨ ਜਿਹੜੇ ਬਿਲਾਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ, ਜੋ ਇਸਰਾਏਲ ਦੇ ਵੰਸ਼ ਦੇ ਅੱਗੇ ਠੋਕਰ ਖਵਾਉਣ ਵਾਲੀ ਵਸਤੂ ਸੁੱਟ ਦੇਵੇ, ਕਿ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ।

15ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਉਸੇ ਤਰ੍ਹਾਂ ਮੰਨਦੇ ਹਨ।

16ਇਸ ਲਈ ਤੋਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ।

17ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਗੁਪਤ ਮੰਨੇ ਵਿੱਚੋਂ ਦਿਆਂਗਾ ਅਤੇ ਮੈਂ ਉਹ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਸ ਨੂੰ ਉਹ ਦੇ ਪ੍ਰਾਪਤ ਕਰਨ ਵਾਲੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ਹੈ।

18ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਪਰਮੇਸ਼ੁਰ ਦਾ ਪੁੱਤਰ ਜਿਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਹਨ ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਹਨ, ਉਹ ਇਹ ਆਖਦਾ ਹੈ,

19ਮੈਂ ਤੇਰੇ ਕੰਮਾਂ, ਪਿਆਰ, ਵਿਸ਼ਵਾਸ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਕਿ ਤੇਰੇ ਬਾਅਦ ਵਾਲੇ ਕੰਮ ਪਹਿਲਾਂ ਵਾਲਿਆਂ ਨਾਲੋਂ ਵੱਧ ਹਨ।

20ਪਰ ਤਾਂ ਵੀ ਮੈਨੂੰ ਤੇਰੇ ਤੋਂ ਇਹ ਸ਼ਿਕਾਇਤ ਹੈ ਕਿ ਤੂੰ ਉਸ ਔਰਤ ਈਜ਼ਬਲ ਨੂੰ ਆਪਣੇ ਵਿਚਕਾਰ ਰਹਿਣ ਦਿੰਦਾ ਹੈਂ, ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਕਿ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ।

21ਅਤੇ ਮੈਂ ਉਹ ਨੂੰ ਮੌਕਾ ਦਿੱਤਾ ਕਿ ਉਹ ਤੋਬਾ ਕਰੇ ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ ਹੈ।

22ਵੇਖ, ਮੈਂ ਉਹ ਨੂੰ ਇੱਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਵਿਭਚਾਰ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ, ਜੇ ਉਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ।

23ਅਤੇ ਮੈਂ ਉਹ ਦੇ ਬੱਚਿਆਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਜੋ ਮਨਾਂ ਅਤੇ ਦਿਲਾਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਫਲ ਦੇਵਾਂਗਾ।

24ਮੈਂ ਤੁਹਾਨੂੰ ਅਰਥਾਤ ਥੂਆਤੀਰੇ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿੰਨਿਆਂ ਕੋਲ ਇਹ ਸਿੱਖਿਆ ਨਹੀਂ ਹੈ, ਅਤੇ ਜਿਹੜੇ ਉਹਨਾਂ ਗੱਲਾਂ ਨੂੰ ਨਹੀਂ ਜਾਣਦੇ ਜਿਹੜੀਆਂ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ, ਇਹ ਕਹਿੰਦਾ ਹਾਂ ਕਿ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ।

25ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੱਕ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ।

26ਜਿਹੜਾ ਜਿੱਤਣ ਵਾਲਾ ਹੈ ਅਤੇ ਅੰਤ ਤੱਕ ਮੇਰੇ ਕੰਮਾਂ ਨੂੰ ਕਰਦਾ ਰਹਿੰਦਾ ਹੈ, ਉਹ ਨੂੰ ਮੈਂ ਕੌਮਾਂ ਉੱਤੇ ਅਧਿਕਾਰ ਦੇਵਾਂਗਾ।

27ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਕਨਾ-ਚੂਰ ਕਰ ਦਿੰਦਾ ਹੈ। ਜਿਸ ਤਰ੍ਹਾਂ ਮੈਂ ਵੀ ਆਪਣੇ ਪਿਤਾ ਕੋਲੋਂ ਅਧਿਕਾਰ ਪਾਇਆ ਹੈ।

28ਅਤੇ ਮੈਂ ਉਹ ਨੂੰ ਸਵੇਰ ਦਾ ਤਾਰਾ ਦੇਵਾਂਗਾ।

29ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।

← ਪਰਕਾਸ਼ ਦੀ ਪੋਥੀ 1 ਪਰਕਾਸ਼ ਦੀ ਪੋਥੀ ਪਰਕਾਸ਼ ਦੀ ਪੋਥੀ 3 →