We Believe JesusFé, Esperança e Nova Vida

2 ਥੱਸਲੁ 3

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 2 ਥੱਸਲੁ 2 2 ਥੱਸਲੁ

1ਅੰਤ ਵਿੱਚ, ਹੇ ਭਰਾਵੋ, ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਉਪਦੇਸ਼ ਤੇਜੀ ਨਾਲ ਫ਼ੈਲੇ ਅਤੇ ਮਹਿਮਾ ਪਾਵੇ ਜਿਵੇਂ ਕਿ ਤੁਹਾਡੇ ਵਿੱਚ ਹੋਇਆ।

2ਅਤੇ ਪ੍ਰਾਰਥਨਾ ਕਰੋ ਕਿ ਅਸੀਂ ਬੁਰੇ ਅਤੇ ਬਦੀ ਕਰਨ ਵਾਲੇ ਲੋਕਾਂ ਤੋਂ ਬਚੇ ਰਹੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਰੇ ਲੋਕੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਰੱਖਦੇ।

3ਪਰ ਪ੍ਰਭੂ ਵਫ਼ਾਦਾਰ ਹੈ, ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ ਤੋਂ ਬਚਾਵੇਗਾ।

4ਪ੍ਰਭੂ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੋ ਅਸੀਂ ਤੁਹਾਨੂੰ ਆਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਰਦੇ ਰਹੋਗੇ।

5ਅਤੇ ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਜਾਣ ਲਈ ਅਗਵਾਈ ਕਰੇਗਾ।

6ਹੇ ਭਰਾਵੋ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਇਹ ਹੁਕਮ ਦਿੰਦੇ ਹਾਂ ਕਿ ਤੁਸੀਂ ਉਸ ਹਰੇਕ ਭਰਾ ਤੋਂ ਦੂਰ ਰਹੋ, ਜਿਹੜਾ ਉਸ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ ਜੋ ਤੁਸੀਂ ਸਾਡੇ ਕੋਲੋਂ ਪਾਈ ਪਰ ਕੁਰਾਹੇ ਚੱਲਦਾ ਹੈ।

7ਤੁਸੀਂ ਆਪ ਹੀ ਜਾਣਦੇ ਹੋ ਕਿ ਤੁਹਾਨੂੰ ਵੀ ਕਿਵੇਂ ਸਾਡੀ ਤਰ੍ਹਾਂ ਚੱਲਣਾ ਚਾਹੀਦਾ ਹੈ ਕਿਉਂ ਜੋ ਅਸੀਂ ਆਲਸ ਦੀ ਚਾਲ ਨਾ ਚੱਲੇ।

8ਅਤੇ ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਦਾ ਭੋਜਨ ਖਾਧਾ ਅਸੀਂ ਹਮੇਸ਼ਾਂ ਉਸ ਦੀ ਕੀਮਤ ਦਿੱਤੀ, ਅਸੀਂ ਸਖ਼ਤ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਕਿਸੇ ਲਈ ਵੀ ਕਸ਼ਟ ਦਾ ਕਾਰਨ ਨਾ ਬਣੀਏ। ਅਸੀਂ ਲੱਗਭਗ ਦਿਨ ਰਾਤ ਕੰਮ ਕਰਦੇ ਰਹੇ।

9ਸਾਡੇ ਕੋਲ ਅਧਿਕਾਰ ਸੀ ਕਿ ਤੁਹਾਡੇ ਕੋਲੋਂ ਸਹਾਇਤਾ ਲਈਏ, ਪਰ ਅਸੀਂ ਆਪਣੀਆਂ ਲੋੜਾਂ ਲਈ ਕੰਮ ਕੀਤਾ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਬਣ ਸਕੀਏ।

10ਜਦੋਂ ਅਸੀਂ ਤੁਹਾਡੇ ਕੋਲ ਸੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ, “ਜੇ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਾ ਕਰੇ।”

11ਅਸੀਂ ਸੁਣਦੇ ਹਾਂ ਕਿ ਤੁਹਾਡੇ ਸਮੂਹ ਵਿੱਚੋਂ ਕੁਝ ਲੋਕ ਕੰਮ ਕਰਨ ਤੋਂ ਇੰਨਕਾਰ ਕਰਦੇ ਹਨ। ਉਹ ਕੁਝ ਨਹੀਂ ਕਰਦੇ ਪਰ ਆਪਣੇ ਆਪ ਨੂੰ ਹੋਰਨਾਂ ਲੋਕਾਂ ਦੇ ਜੀਵਨ ਵਿੱਚ ਰੁਝਾਈ ਰੱਖਦੇ ਹਨ।

12ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਗਿਆ ਦਿੰਦੇ ਹਾਂ ਕਿ ਆਪਣਾ ਕੰਮ ਕਰਕੇ ਰੋਟੀ ਖਾਇਆ ਕਰਨ l

13ਹੇ ਭਰਾਵੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ।

14ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ ਕਿ ਤੁਸੀਂ ਉਸ ਵਿਅਕਤੀ ਨਾਲ ਸੰਗਤ ਨਾ ਕਰੋ, ਤਾਂ ਜੋ ਉਹ ਸ਼ਰਮਿੰਦਾ ਹੋਵੇ।

15ਉਸ ਨੂੰ ਆਪਣਾ ਵੈਰੀ ਨਾ ਸਮਝੋ ਸਗੋਂ ਉਸ ਨੂੰ ਇੱਕ ਭਰਾ ਦੀ ਤਰ੍ਹਾਂ ਚਿਤਾਵਨੀ ਦਿਉ।

16ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾਂ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ-ਸੰਗ ਰਹੇ।

17ਮੈਂ ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ। ਮੇਰੇ ਸਾਰੇ ਪੱਤਰਾਂ ਉੱਤੇ ਇਹ ਖ਼ਾਸ ਨਿਸ਼ਾਨ ਹੈ ਅਤੇ ਇਹ ਦਰਸਾਉਂਦੇ ਹਨ ਕਿ ਉਹ ਮੇਰੇ ਵੱਲੋਂ ਹਨ। ਮੈਂ ਇਸੇ ਤਰ੍ਹਾਂ ਹੀ ਲਿਖਦਾ ਹਾਂ।

18ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

← 2 ਥੱਸਲੁ 2 2 ਥੱਸਲੁ