We Believe JesusFé, Esperança e Nova Vida

2 ਸਮੂ 5

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 2 ਸਮੂ 4 2 ਸਮੂ 2 ਸਮੂ 6 →

1ਇਹ ਦੇ ਬਾਅਦ ਇਸਰਾਏਲ ਦੇ ਸਾਰੇ ਗੋਤ ਹਬਰੋਨ ਵਿੱਚ ਦਾਊਦ ਦੇ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ।

2ਪਿਛਲੇ ਸਮੇਂ ਵਿੱਚ ਜਦੋਂ ਸ਼ਾਊਲ ਸਾਡਾ ਰਾਜਾ ਸੀ, ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਜੋ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ।

3ਇਸ ਲਈ ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਰਾਜਾ ਕੋਲ ਆਏ, ਦਾਊਦ ਰਾਜਾ ਨੇ ਹਬਰੋਨ ਵਿੱਚ ਉਨ੍ਹਾਂ ਦੇ ਨਾਲ ਯਹੋਵਾਹ ਦੇ ਅੱਗੇ ਵਾਇਦਾ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਰਾਜਾ ਬਣਾ ਦਿੱਤਾ।

4ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ ਉਸ ਦੀ ਉਮਰ ਤੀਹ ਸਾਲ ਸੀ ਅਤੇ ਉਸ ਨੇ ਚਾਲ੍ਹੀ ਸਾਲ ਰਾਜ ਕੀਤਾ।

5ਉਸ ਨੇ ਸੱਤ ਸਾਲ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ।

6ਫਿਰ ਰਾਜਾ ਆਪਣਿਆਂ ਸੈਨਿਕਾਂ ਨਾਲ ਯਰੂਸ਼ਲਮ ਨੂੰ ਯਬੂਸੀਆਂ ਦੇ ਕੋਲ ਗਿਆ ਜੋ ਉਸ ਦੇਸ਼ ਦੇ ਵਾਸੀ ਸਨ। ਉਨ੍ਹਾਂ ਨੇ ਦਾਊਦ ਨੂੰ ਆਖਿਆ, ਤੂੰ ਇੱਥੇ ਨਾ ਵੜੇਂਗਾ ਪਰੰਤੂ ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕਣਗੇ ਕਿਉਂ ਜੋ ਉਨ੍ਹਾਂ ਨੇ ਸਮਝਿਆ ਕਿ ਦਾਊਦ ਐਥੇ ਨਹੀਂ ਵੜ ਸਕੇਗਾ,

7ਪਰ ਦਾਊਦ ਨੇ ਸੀਯੋਨ ਦਾ ਗੜ੍ਹ ਆਪਣੇ ਵੱਸ ਕਰ ਲਿਆ ਅਤੇ ਉਹ ਹੀ ਦਾਊਦ ਦਾ ਸ਼ਹਿਰ ਬਣਿਆ।

8ਉਸ ਦਿਨ ਦਾਊਦ ਨੇ ਆਖਿਆ, ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨ੍ਹੇ ਅਤੇ ਲੰਗੜੇ ਜਿਹਨਾਂ ਨੂੰ ਦਾਊਦ ਨਫ਼ਰਤ ਕਰਦਾ ਹੈ ਉਹਨਾਂ ਨੂੰ ਮਾਰਨ। ਇਸੇ ਲਈ ਇਹ ਕਹਾਉਤ ਚੱਲ ਪਈ ਕਿ ਅੰਨ੍ਹੇ ਅਤੇ ਲੰਗੜੇ ਰਾਜ ਮਹਿਲ ਵਿੱਚ ਨਹੀਂ ਵੜ ਸਕਦੇ।

9ਦਾਊਦ ਉਸ ਗੜ੍ਹ ਵਿੱਚ ਰਹਿਣ ਲੱਗਾ ਅਤੇ ਉਸ ਨੇ ਉਹ ਦਾ ਨਾਮ ਦਾਊਦ ਦਾ ਸ਼ਹਿਰ ਰੱਖਿਆ ਅਤੇ ਦਾਊਦ ਨੇ ਆਲੇ-ਦੁਆਲੇ ਅਤੇ ਮਿੱਲੋ ਤੋਂ ਲੈ ਕੇ ਉਸ ਦੇ ਅੰਦਰ ਸ਼ਹਿਰਪਨਾਹ ਬਣਾਈ।

10ਦਾਊਦ ਬਹੁਤ ਵੱਧਦਾ ਗਿਆ ਕਿਉਂ ਜੋ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਅੰਗ-ਸੰਗ ਸੀ।

11ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਦਿਆਰ ਦੀ ਲੱਕੜ ਅਤੇ ਤਰਖਾਣ ਅਤੇ ਰਾਜ ਮਿਸਤਰੀ ਵੀ ਭੇਜੇ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਬਣਾਇਆ।

12ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਠਹਿਰਾਇਆ ਹੈ, ਅਤੇ ਉਸ ਨੇ ਮੇਰੇ ਰਾਜ ਨੂੰ ਆਪਣੀ ਪਰਜਾ ਇਸਰਾਏਲ ਦੇ ਲਈ ਹੀ ਵਧਾਇਆ ਹੈ।

13ਦਾਊਦ ਨੇ ਹਬਰੋਨ ਤੋਂ ਆ ਕੇ ਯਰੂਸ਼ਲਮ ਵਿੱਚ ਹੋਰ ਵੀ ਰਖ਼ੈਲਾਂ ਰੱਖੀਆਂ ਅਤੇ ਇਸਤਰੀਆਂ ਨਾਲ ਵਿਆਹ ਕੀਤਾ ਅਤੇ ਦਾਊਦ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।

14ਉਸ ਦੇ ਪੁੱਤਰਾਂ ਦੇ ਨਾਮ ਜਿਹੜੇ ਯਰੂਸ਼ਲਮ ਵਿੱਚ ਜੰਮੇ ਇਹ ਸਨ - ਸ਼ਮੂਆਹ, ਸ਼ੋਬਾਬ, ਨਾਥਾਨ, ਅਤੇ ਸੁਲੇਮਾਨ,

15ਯਿਬਹਾਰ, ਅਲੀਸ਼ੂਆ, ਨਫ਼ਗ, ਅਤੇ ਯਾਫ਼ੀਆ

16ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।

17ਜਦ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਦਾ ਸਾਰੇ ਇਸਰਾਏਲ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਗਿਆ ਹੈ, ਤਦ ਸਾਰੇ ਫ਼ਲਿਸਤੀ ਦਾਊਦ ਨੂੰ ਲੱਭਣ ਲਈ ਆਏ। ਦਾਊਦ ਨੇ ਇਹ ਸੁਣਿਆ ਇਸ ਲਈ ਉਹ ਗੜ੍ਹ ਵਿੱਚ ਚਲਾ ਗਿਆ।

18ਫ਼ਲਿਸਤੀ ਆਏ ਅਤੇ ਰਫ਼ਾਈਆਂ ਦੀ ਘਾਟੀ ਵਿੱਚ ਫੈਲ ਗਏ।

19ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਕੀ ਮੈਂ ਫ਼ਲਿਸਤੀਆਂ ਦਾ ਸਾਹਮਣਾ ਕਰਨ ਨੂੰ ਜਾਂਵਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਵੱਸ ਕਰ ਦੇਵੇਂਗਾ? ਯਹੋਵਾਹ ਨੇ ਦਾਊਦ ਨੂੰ ਆਖਿਆ, ਜਾ, ਹਮਲਾ ਕਰ ਕਿਉਂ ਜੋ ਜ਼ਰੂਰ ਹੀ ਮੈਂ ਫ਼ਲਿਸਤੀਆਂ ਨੂੰ ਤੇਰੇ ਅਧੀਨ ਕਰ ਦਿਆਂਗਾ।

20ਇਸ ਲਈ ਦਾਊਦ ਬਆਲ-ਪਰਾਸੀਮ ਵਿੱਚ ਆਇਆ ਅਤੇ ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, ਯਹੋਵਾਹ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਸ ਤਰ੍ਹਾਂ ਟੁੱਟ ਪਿਆ ਜਿਵੇਂ ਪਾਣੀ ਦੀਆਂ ਲਹਿਰਾਂ ਰੋੜ੍ਹ ਕੇ ਲੈ ਜਾਂਦੀਆਂ ਹਨ! ਇਸ ਲਈ ਉਸ ਨੇ ਉਸ ਥਾਂ ਦਾ ਨਾਮ ਬਆਲ-ਪਰਾਸੀਮ ਰੱਖਿਆ।

21ਉਨ੍ਹਾਂ ਨੇ ਆਪਣੀਆਂ ਮੂਰਤਾਂ ਨੂੰ ਉੱਥੇ ਛੱਡਿਆ, ਸੋ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਨੂੰ ਚੁੱਕ ਲਿਆ।

22ਫ਼ਲਿਸਤੀ ਫੇਰ ਮੁੜ ਆਏ ਅਤੇ ਰਫ਼ਾਈਆਂ ਦੀ ਘਾਟੀ ਵਿੱਚ ਫੈਲ ਗਏ।

23ਸੋ ਦਾਊਦ ਨੇ ਯਹੋਵਾਹ ਕੋਲੋਂ ਫੇਰ ਸਲਾਹ ਮੰਗੀ ਅਤੇ ਉਸ ਨੇ ਆਖਿਆ, ਤੂੰ ਚੜ੍ਹਾਈ ਨਾ ਕਰ ਪਰ ਪਿੱਛੇ ਦੀ ਹੋ ਕੇ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤ ਦੇ ਰੁੱਖਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰ,

24ਅਤੇ ਜਿਸ ਵੇਲੇ ਤੂੰ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦੀ ਅਵਾਜ਼ ਸੁਣੇ ਤਾਂ ਸੁਚੇਤ ਹੋ ਕਿਉਂ ਜੋ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰ ਕੇ ਫ਼ਲਿਸਤੀਆਂ ਦੀ ਸੈਨਾਂ ਨੂੰ ਮਾਰੇਗਾ।

25ਇਸ ਲਈ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ, ਦਾਊਦ ਨੇ ਉਸੇ ਤਰ੍ਹਾਂ ਹੀ ਕੀਤਾ, ਅਤੇ ਫ਼ਲਿਸਤੀਆਂ ਨੂੰ ਗਬਾ ਤੋਂ ਲੈ ਕੇ ਗਜ਼ਰ ਵਿੱਚ ਪਹੁੰਚਣ ਤੱਕ ਮਾਰਿਆ।

← 2 ਸਮੂ 4 2 ਸਮੂ 2 ਸਮੂ 6 →