We Believe JesusFé, Esperança e Nova Vida

2 ਇਤ 3

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 2 ਇਤ 2 2 ਇਤ 2 ਇਤ 4 →

1ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਆਹ ਪਰਬਤ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ, ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ

2ਉਹ ਉਸ ਨੂੰ ਆਪਣੀ ਪਾਤਸ਼ਾਹੀ ਦੇ ਚੌਥੇ ਸਾਲ ਦੇ ਦੂਜੇ ਮਹੀਨੇ ਦੇ ਦੂਜੇ ਦਿਨ ਬਣਾਉਣ ਲੱਗਾ।

3ਜੋ ਨੀਂਹ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੀ ਉਸਾਰੀ ਲਈ ਰੱਖੀ ਉਹ ਇਹ ਹੈ, ਉਹ ਦੀ ਲੰਬਾਈ ਪਹਿਲੀ ਮਿਣਤੀ ਅਨੁਸਾਰ ਸੱਠ ਹੱਥ ਅਤੇ ਚੌੜਾਈ ਵੀਹ ਹੱਥ ਸੀ

4ਅਤੇ ਡਿਉੜੀ ਜੋ ਭਵਨ ਦੇ ਅੱਗੇ ਸੀ ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਚਿਆਈ ਇੱਕ ਸੌ ਵੀਹ ਸੀ ਅਤੇ ਉਸ ਨੇ ਉਹ ਨੂੰ ਅੰਦਰ ਬਾਹਰ ਕੁੰਦਨ ਸੋਨੇ ਨਾਲ ਮੜ੍ਹਿਆ

5ਅਤੇ ਵੱਡੇ ਘਰ ਵਿੱਚ ਉਹ ਨੇ ਚੀਲ ਦੀ ਲੱਕੜੀ ਜੜੀ ਅਤੇ ਉਹ ਨੂੰ ਚੋਖੇ ਸੋਨੇ ਨਾਲ ਮੜ੍ਹਿਆ ਅਤੇ ਉਹ ਦੇ ਉੱਤੇ ਖਜ਼ੂਰ ਦੇ ਬੂਟੇ ਤੇ ਜੰਜ਼ੀਰੀਆਂ ਉੱਕਰੀਆਂ

6ਅਤੇ ਸੁਹੱਪਣ ਲਈ ਉਹ ਨੇ ਉਸ ਭਵਨ ਨੂੰ ਬਹੁਮੁੱਲੇ ਪੱਥਰਾਂ ਨਾਲ ਸਜਾਇਆ ਅਤੇ ਉਹ ਸੋਨਾ ਪਰਵਾਇਮ ਦਾ ਸੋਨਾ ਸੀ

7ਉਸ ਨੇ ਭਵਨ ਨੂੰ ਉਹ ਦੀਆਂ ਸ਼ਤੀਰਾਂ, ਉਹ ਦੀ ਡਿਉੜੀ ਅਤੇ ਕੰਧਾਂ ਅਤੇ ਉਹ ਦਿਆਂ ਬੂਹਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ

8ਅਤੇ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਾਇਆ। ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਸੀ ਅਤੇ ਉਸ ਨੇ ਉਹ ਨੂੰ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜ੍ਹਿਆ

9ਅਤੇ ਕਿੱਲਾਂ ਦਾ ਤੋਲ ਪੰਜਾਹ ਤੋਲੇ ਸੋਨੇ ਦਾ ਸੀ। ਉਸ ਨੇ ਉੱਪਰਲੀਆਂ ਕੋਠੜੀਆਂ ਵੀ ਸੋਨੇ ਨਾਲ ਮੜ੍ਹੀਆਂ

10ਅਤੇ ਉਸ ਨੇ ਅੱਤ ਪਵਿੱਤਰ ਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ

11ਅਤੇ ਕਰੂਬੀਆਂ ਦੇ ਖੰਭਾਂ ਦੀ ਲੰਬਾਈ ਵੀਹ ਹੱਥ ਸੀ। ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਤੱਕ ਪਹੁੰਚਿਆ ਹੋਇਆ ਸੀ

12ਅਤੇ ਦੂਜੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਨਾਲ ਜੁੜਿਆ ਹੋਇਆ ਸੀ

13ਇਨ੍ਹਾਂ ਕਰੂਬੀਆਂ ਦੇ ਖੰਭ ਵੀਹ ਹੱਥ ਫੈਲੇ ਹੋਏ ਸਨ ਅਤੇ ਉਹ ਆਪਣੇ-ਆਪਣੇ ਪੈਰਾਂ ਉੱਤੇ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੂੰਹ ਅੰਦਰਵਾਰ ਨੂੰ ਸਨ।

14ਅਤੇ ਉਸ ਨੇ ਪੜਦਾ ਨੀਲੇ, ਬੈਂਗਣੀ, ਕਿਰਮਚੀ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਹ ਦੇ ਉੱਤੇ ਕਰੂਬੀਆਂ ਦੀ ਕਢਾਈ ਕੀਤੀ।

15ਉਸ ਨੇ ਭਵਨ ਦੇ ਅੱਗੇ ਦੇ ਲਈ ਲੱਗਭੱਗ ਪੈਂਤੀ ਹੱਥ ਉੱਚੇ ਦੋ ਥੰਮ੍ਹ ਬਣਾਏ ਅਤੇ ਹਰ ਇੱਕ ਦੀ ਟੀਸੀ ਉੱਤੇ ਪੰਜ-ਪੰਜ ਹੱਥ ਦਾ ਮੁਕਟ ਸੀ।

16ਉਸ ਨੇ ਵਿੱਚਲੀ ਕੋਠੜੀ ਵਿੱਚ ਜੰਜ਼ੀਰੀਆਂ ਬਣਾ ਕੇ ਉਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਤੇ ਲਾਇਆ ਅਤੇ ਉਸ ਨੇ ਇੱਕ ਸੌ ਅਨਾਰ ਬਣਾ ਕੇ ਉਨ੍ਹਾਂ ਨੂੰ ਜੰਜ਼ੀਰੀਆਂ ਵਿੱਚ ਲਾ ਦਿੱਤਾ।

17ਉਸ ਨੇ ਥੰਮਾਂ ਨੂੰ ਹੈਕਲ ਦੇ ਅੱਗੇ ਇੱਕ ਨੂੰ ਸੱਜੇ ਤੇ ਦੂਜੇ ਨੂੰ ਖੱਬੇ ਪਾਸੇ ਖੜ੍ਹਾ ਕਰ ਦਿੱਤਾ ਅਤੇ ਜਿਹੜਾ ਸੱਜੇ ਪਾਸੇ ਸੀ ਉਹ ਦਾ ਨਾਮ “ਯਾਕੀਨ” ਅਤੇ ਜਿਹੜਾ ਖੱਬੇ ਪਾਸੇ ਸੀ ਉਹ ਦਾ ਨਾਮ “ਬੋਅਜ਼” ਰੱਖਿਆ।

← 2 ਇਤ 2 2 ਇਤ 2 ਇਤ 4 →