We Believe JesusFé, Esperança e Nova Vida

2 ਕੁਰਿੰਥੀ 11

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 2 ਕੁਰਿੰਥੀ 10 2 ਕੁਰਿੰਥੀ 2 ਕੁਰਿੰਥੀ 12 →

1ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਿਣ ਕਰੋ, ਹਾਂ ਤੁਸੀਂ ਜ਼ਰੂਰ ਸਹਿਣ ਕਰੋ!

2ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਵਰਗੀ ਹੈ, ਇਸ ਲਈ ਜੋ ਮੈਂ ਵਿਆਹ ਲਈ ਤੁਹਾਨੂੰ ਇੱਕੋ ਹੀ ਪਤੀ ਨੂੰ ਸੌਂਪਿਆ ਤਾਂ ਜੋ ਤੁਹਾਨੂੰ ਪਵਿੱਤਰ ਕੁਆਰੀ ਵਾਂਗੂੰ ਮਸੀਹ ਲਈ ਅਰਪਣ ਕਰਾਂ।

3ਪਰ ਮੈਂ ਡਰਦਾ ਹਾਂ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਭਰਮਾਉਣ ਵਾਲੀ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ, ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ, ਵਿਗੜ ਜਾਣ।

4ਜੇ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ ਜਿਸ ਦੀ ਅਸੀਂ ਨਹੀਂ ਕੀਤੀ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਹੀਂ ਮਿਲਿਆ ਜਾਂ ਕੋਈ ਹੋਰ ਖੁਸ਼ਖਬਰੀ ਜਿਸ ਨੂੰ ਤੁਸੀਂ ਕਬੂਲ ਨਹੀਂ ਕੀਤਾ ਤਾਂ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਸਹਿਣ ਕਰ ਲੈਂਦੇ!

5ਕਿਉਂ ਜੋ ਮੈਂ ਉਨ੍ਹਾਂ ਮਹਾਨ ਰਸੂਲਾਂ ਤੋਂ ਆਪਣੇ ਆਪ ਨੂੰ ਕਿਸੇ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ।

6ਪਰ ਭਾਵੇਂ ਮੈਂ ਬੋਲਣ ਵਿੱਚ ਚੰਗਾ ਨਾ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ ਸਗੋਂ ਅਸੀਂ ਹਰ ਤਰ੍ਹਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਸ ਨੂੰ ਪ੍ਰਗਟ ਕੀਤਾ।

7ਅਥਵਾ ਮੈਂ ਜੋ ਪਰਮੇਸ਼ੁਰ ਦੀ ਖੁਸ਼ਖਬਰੀ ਤੁਹਾਨੂੰ ਮੁਫ਼ਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਤਾਂ ਜੋ ਤੁਸੀਂ ਉੱਚੇ ਕੀਤੇ ਜਾਓ, ਕੀ ਮੈਂ ਇਸ ਦੇ ਵਿੱਚ ਕੋਈ ਪਾਪ ਕੀਤਾ?

8ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਯਾਵਾਂ ਤੋਂ ਮਜ਼ਦੂਰੀ ਲੈ ਕੇ ਉਨ੍ਹਾਂ ਨੂੰ ਲੁੱਟ ਲਿਆ।

9ਅਤੇ ਜਦ ਤੁਹਾਡੇ ਕੋਲ ਹੁੰਦਿਆਂ ਹੋਇਆ ਮੈਨੂੰ ਜ਼ਰੂਰਤ ਪਈ ਤਾਂ ਕਿਸੇ ਉੱਤੇ ਭਾਰ ਨਾ ਪਾਇਆ ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਤੋਂ ਆ ਕੇ ਮੇਰੀ ਜ਼ਰੂਰਤ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਭਾਰ ਪਾਉਣ ਰੁਕਿਆ ਰਿਹਾ ਅਤੇ ਰੁਕਿਆ ਹੀ ਰਹਾਂਗਾ।

10ਜੇ ਮਸੀਹ ਦੀ ਸਚਿਆਈ ਮੇਰੇ ਵਿੱਚ ਹੈ ਤਾਂ ਅਖਾਯਾ ਦੇ ਖੇਤਰਾਂ ਵਿੱਚ ਇਹ ਮੇਰਾ ਮਾਣ ਕਦੀ ਨਹੀਂ ਰੁਕੇਗਾ।

11ਕਿਉਂ? ਕੀ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪਿਆਰ ਨਹੀਂ ਰੱਖਦਾ? ਪਰਮੇਸ਼ੁਰ ਜਾਣਦਾ ਹੈ!

12ਪਰ ਮੈਂ ਜੋ ਕਰਦਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਮੈਂ ਮੌਕਾ ਲੱਭਣ ਵਾਲਿਆਂ ਦੇ ਮੌਕਿਆਂ ਝਾੜ ਸੁੱਟਾਂ ਕਿ ਜਿਸ ਗੱਲ ਵਿੱਚ ਉਹ ਮਾਣ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ।

13ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ।

14ਅਤੇ ਇਹ ਅਨੋਖੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਦਲਦਾ ਹਾਂ।

15ਇਸ ਲਈ ਜੋ ਉਸ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਬਦਲਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਹੋਵੇਗਾ।

16ਮੈਂ ਫਿਰ ਆਖਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਨੂੰ ਮੂਰਖ ਹੀ ਜਾਣ ਕੇ ਕਬੂਲ ਕਰੋ ਤਾਂ ਜੋ ਮੈਂ ਵੀ ਥੋੜ੍ਹਾ ਜਿਹਾ ਮਾਣ ਕਰਾਂ।

17ਜੋ ਕੁਝ ਮੈਂ ਇਸ ਮਾਣ ਕਰਨ ਦੇ ਭਰੋਸੇ ਨਾਲ ਕਹਿੰਦਾ ਹਾਂ ਸੋ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ।

18ਜਦੋਂ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ ਮੈਂ ਵੀ ਮਾਣ ਕਰਾਂਗਾ।

19ਕਿਉਂ ਜੋ ਤੁਸੀਂ ਆਪ ਸਿਆਣੇ ਜੋ ਹੋ ਇਸੇ ਕਾਰਨ ਮੂਰਖਾਂ ਨੂੰ ਖੁਸ਼ੀ ਨਾਲ ਸਹਾਰ ਲੈਂਦੇ ਹੋ।

20ਜਦ ਕੋਈ ਤੁਹਾਨੂੰ ਗੁਲਾਮ ਬਣਾਉਂਦਾ ਹੈ, ਜਦ ਕੋਈ ਤੁਹਾਨੂੰ ਖਾਲੀ ਕਰ ਦਿੰਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਫਸਾਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ।

21ਮੈਂ ਨਿਰਾਦਰੀ ਦੇ ਰਾਹ ਇਹ ਆਖਦਾ ਹਾਂ, ਜੋ ਅਸੀਂ ਵੀ ਮਾੜੇ ਜਿਹੇ ਸੀ ਪਰ ਜਿਸ ਗੱਲ ਵਿੱਚ ਕੋਈ ਦਲੇਰ ਹੈ (ਮੈਂ ਮੂਰਖਤਾਈ ਨਾਲ ਇਹ ਆਖਦਾ ਹਾਂ) ਮੈਂ ਵੀ ਦਲੇਰ ਹਾਂ।

22ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਹਨ? ਮੈਂ ਵੀ ਹਾਂ।

23ਕੀ ਉਹ ਮਸੀਹ ਦੇ ਦਾਸ ਹਨ? ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ, ਮੈਂ ਉਹਨਾਂ ਨਾਲੋਂ ਵਧੀਕ ਹਾਂ, ਅਰਥਾਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ।

24ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਉਨ੍ਹਤਾਲੀ-ਉਨ੍ਹਤਾਲੀ ਕੋਰੜੇ ਖਾਧੇ।

25ਮੈਂ ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਰਾਤ-ਦਿਨ ਸਮੁੰਦਰ ਵਿੱਚ ਕੱਟਿਆ।

26ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਜੋਖਮਾਂ ਵਿੱਚ, ਡਾਕੂਆਂ ਦੇ ਜੋਖਮਾਂ ਵਿੱਚ, ਆਪਣੀ ਕੌਮ ਵੱਲੋਂ ਜੋਖਮਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਜੋਖਮਾਂ ਵਿੱਚ, ਨਗਰ ਦੇ ਜੋਖਮਾਂ ਵਿੱਚ, ਉਜਾੜ ਦੇ ਜੋਖਮਾਂ ਵਿੱਚ, ਸਮੁੰਦਰ ਦੇ ਜੋਖਮਾਂ ਵਿੱਚ, ਖੋਟੇ ਭਰਾਵਾਂ ਦੇ ਜੋਖਮਾਂ ਵਿੱਚ,

27ਮੈਂ ਮਿਹਨਤ ਅਤੇ ਕਸ਼ਟ ਵਿੱਚ, ਕਈ ਵਾਰੀ ਪਹਿਰੇਦਾਰੀ ਵਿੱਚ, ਭੁੱਖ ਅਤੇ ਪਿਆਸ ਵਿੱਚ, ਕਈ ਵਾਰੀ ਵਰਤ ਵਿੱਚ, ਸਰਦੀ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ।

28ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਯਾਵਾਂ ਦੀ ਚਿੰਤਾ ਮੈਨੂੰ ਰੋਜ਼ ਸਤਾਉਂਦੀ ਹੈ।

29ਕਿਸ ਦੀ ਨਿਰਬਲਤਾ ਨਾਲ ਮੈਂ ਨਿਰਬਲ ਨਹੀਂ ਹੁੰਦਾ? ਕਿਸ ਦੇ ਠੋਕਰ ਖਾਣ ਨਾਲ ਮੇਰਾ ਜੀ ਨਹੀਂ ਜਲਦਾ?

30ਜੇ ਮਾਣ ਕਰਨਾ ਹੀ ਪਵੇ ਤਾਂ ਮੈਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ।

31ਪ੍ਰਭੂ ਯਿਸੂ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ।

32ਦੰਮਿਸ਼ਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਿਤਾਸ ਦੀ ਵੱਲੋਂ ਦੀ ਦੰਮਿਸ਼ਕੀਆਂ ਦੇ ਸ਼ਹਿਰ ਉੱਤੇ ਮੈਨੂੰ ਫੜਨ ਲਈ ਪਹਿਰਾ ਲਾਇਆ ਹੋਇਆ ਸੀ।

33ਅਤੇ ਮੈਂ ਬਾਰੀ ਤੋਂ ਟੋਕਰੇ ਵਿੱਚ ਸ਼ਹਿਰਪਨਾਹ ਦੇ ਉੱਪਰੋਂ ਦੀ ਉਤਾਰਿਆ ਗਿਆ ਅਤੇ ਉਸ ਦੇ ਹੱਥੋਂ ਬਚ ਨਿੱਕਲਿਆ।

← 2 ਕੁਰਿੰਥੀ 10 2 ਕੁਰਿੰਥੀ 2 ਕੁਰਿੰਥੀ 12 →