We Believe JesusFé, Esperança e Nova Vida

1 ਥੱਸਲੁ 5

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 1 ਥੱਸਲੁ 4 1 ਥੱਸਲੁ

1ਪਰ ਹੇ ਭਰਾਵੋ, ਤੁਹਾਡੇ ਲਈ ਸਮਿਆਂ ਅਤੇ ਮੌਸਮਾਂ ਬਾਰੇ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ।

2ਕਿਉਂਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ, ਜਿਸ ਤਰ੍ਹਾਂ ਰਾਤ ਨੂੰ ਚੋਰ ਆਉਂਦਾ ਹੈ।

3ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਅਤੇ ਸੁੱਖ-ਸਾਂਦ ਹੈ ਤਦ ਜਿਵੇਂ ਗਰਭਵਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ।

4ਪਰ ਹੇ ਭਰਾਵੋ, ਤੁਸੀਂ ਹਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਵਾਗੂੰ ਆ ਪਵੇ।

5ਕਿਉਂ ਜੋ ਤੁਸੀਂ ਸਾਰੇ ਚਾਨਣ ਅਤੇ ਦਿਨ ਦੀ ਸੰਤਾਨ ਹੋ। ਅਸੀਂ ਰਾਤ ਦੇ ਨਹੀਂ, ਨਾ ਹੀ ਹਨ੍ਹੇਰੇ ਦੇ ਹਾਂ।

6ਸੋ ਇਸ ਲਈ ਅਸੀਂ ਹੋਰਨਾਂ ਵਾਂਗੂੰ ਨਾ ਸੌਂਈਏ ਸਗੋਂ ਜਾਗਦੇ ਅਤੇ ਸੁਚੇਤ ਰਹੀਏ।

7ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਹੀ ਸੌਂਦੇ ਹਨ ਅਤੇ ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ ਉਹ ਰਾਤ ਨੂੰ ਹੀ ਹੁੰਦੇ ਹਨ।

8ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੇ ਟੋਪ ਦੀ ਥਾਂ ਪਹਿਨ ਕੇ ਸੁਚੇਤ ਰਹੀਏ।

9ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ।

10ਜਿਹੜਾ ਸਾਡੇ ਲਈ ਮਰਿਆ, ਤਾਂ ਕਿ ਅਸੀਂ ਭਾਵੇਂ ਜਾਗਦੇ ਜਾਂ ਸੁੱਤੇ ਹੋਈਏ ਉਹ ਦੇ ਨਾਲ ਹੀ ਜਿਉਂਦੇ ਹੋ ਜਾਈਏ।

11ਇਸ ਕਾਰਨ ਤੁਸੀਂ ਇੱਕ ਦੂਜੇ ਨੂੰ ਤਸੱਲੀ ਦੇਵੋ ਅਤੇ ਇੱਕ ਦੂਜੇ ਦੀ ਉਨੱਤੀ ਕਰੋ, ਜਿਵੇਂ ਤੁਸੀਂ ਕਰਦੇ ਵੀ ਹੋ।

12ਹੁਣ ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ, ਪ੍ਰਭੂ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਸਿੱਖਿਆ ਦਿੰਦੇ ਹਨ, ਤੁਸੀਂ ਉਹਨਾਂ ਦਾ ਆਦਰ ਕਰੋ।

13ਅਤੇ ਉਹਨਾਂ ਦੇ ਕੰਮ ਦੇ ਕਾਰਨ ਪਿਆਰ ਨਾਲ ਉਹਨਾਂ ਦਾ ਬਹੁਤਾ ਆਦਰ ਕਰੋ। ਆਪਸ ਵਿੱਚ ਮੇਲ-ਮਿਲਾਪ ਰੱਖੋ।

14ਹੇ ਭਰਾਵੋ, ਅਸੀਂ ਤੁਹਾਨੂੰ ਆਖਦੇ ਹਾਂ ਜੋ ਤੁਸੀਂ ਉਹਨਾਂ ਨੂੰ ਸਮਝਾਓ ਜਿਹੜੇ ਠੀਕ ਚਾਲ ਨਹੀਂ ਚਲਦੇ, ਕਮਜ਼ੋਰ ਦਿਲ ਵਾਲਿਆਂ ਨੂੰ ਹੌਂਸਲਾ ਦੇਵੋ, ਨਿਰਬਲਾਂ ਨੂੰ ਸੰਭਾਲੋ, ਅਤੇ ਸਾਰਿਆਂ ਨਾਲ ਧੀਰਜ ਕਰੋ।

15ਵੇਖਣਾ ਕਿ ਕੋਈ ਕਿਸੇ ਨਾਲ ਬੁਰੇ ਦੇ ਬਦਲੇ ਬੁਰਾ ਨਾ ਕਰੇ ਸਗੋਂ ਇੱਕ ਦੂਜੇ ਲਈ ਅਤੇ ਸਾਰਿਆਂ ਲਈ ਸਦਾ ਭਲਿਆਈ ਦੇ ਮਗਰ ਲੱਗੇ ਰਹੋ।

16ਸਦਾ ਅਨੰਦ ਰਹੋ।

17ਹਰ ਰੋਜ਼ ਪ੍ਰਾਰਥਨਾ ਕਰੋ।

18ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਮਰਜ਼ੀ ਹੈ।

19ਆਤਮਾ ਨੂੰ ਨਾ ਬੁਝਾਓ।

20ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ।

21ਸਾਰੀਆਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜ੍ਹੀ ਰੱਖੋ।

22ਹਰ ਪਰਕਾਰ ਦੀ ਬਦੀ ਤੋਂ ਦੂਰ ਰਹੋ।

23ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ।

24ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ।

25ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ।

26ਤੁਸੀਂ ਪਵਿੱਤਰ ਚੁਮੰਨ ਨਾਲ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ।

27ਮੈਂ ਤੁਹਾਨੂੰ ਪ੍ਰਭੂ ਦੀ ਸਹੁੰ ਦਿੰਦਾ ਹਾਂ ਜੋ ਇਹ ਪੱਤ੍ਰੀ ਸਾਰੇ ਭਰਾਵਾਂ ਨੂੰ ਪੜ੍ਹ ਕੇ ਸੁਣਾਉਣੀ।

28ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੁੰਦੀ ਰਹੇ।

← 1 ਥੱਸਲੁ 4 1 ਥੱਸਲੁ