We Believe JesusFé, Esperança e Nova Vida

1 ਸਮੂ 8

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 1 ਸਮੂ 7 1 ਸਮੂ 1 ਸਮੂ 9 →

1ਜਦ ਸਮੂਏਲ ਵੱਡੀ ਉਮਰ ਦਾ ਹੋ ਗਿਆ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਇਸਰਾਏਲ ਉੱਤੇ ਨਿਆਂ ਕਰਨ ਲਈ ਨਿਯੁਕਤ ਕੀਤਾ।

2ਅਤੇ ਉਸ ਦੇ ਵੱਡੇ ਪੁੱਤਰ ਦਾ ਨਾਮ ਯੋਏਲ ਸੀ ਅਤੇ ਉਸ ਦੇ ਦੂਜੇ ਪੁੱਤਰ ਦਾ ਨਾਮ ਅਬਿਯਾਹ ਸੀ। ਇਹ ਦੋਵੇਂ ਬਏਰਸ਼ਬਾ ਵਿੱਚ ਨਿਆਂ - ਅਧਿਕਾਰੀ ਸਨ।

3ਪਰ ਉਸ ਦੇ ਪੁੱਤਰ ਉਸ ਦੇ ਰਾਹ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗਦੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ।

4ਤਦ ਸਾਰੇ ਇਸਰਾਏਲੀ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਏ,

5ਅਤੇ ਉਸ ਨੂੰ ਬੋਲੇ, ਵੇਖ, ਤੂੰ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹ ਉੱਤੇ ਨਹੀਂ ਚੱਲਦੇ। ਸੋ ਹੁਣ ਤੂੰ ਸਾਡਾ ਨਿਆਂ ਕਰਨ ਲਈ ਕਿਸੇ ਨੂੰ ਸਾਡਾ ਰਾਜਾ ਠਹਿਰਾ ਦੇ, ਜਿਵੇਂ ਹੋਰਨਾਂ ਕੌਮਾਂ ਵਿੱਚ ਹੁੰਦਾ ਹੈ।

6ਪਰ ਇਹ ਗੱਲ ਜੋ ਉਨ੍ਹਾਂ ਨੇ ਆਖੀ ਜੋ ਸਾਡੇ ਲਈ ਇੱਕ ਰਾਜਾ ਠਹਿਰਾ ਦੇ ਜੋ ਸਾਡਾ ਨਿਆਂ ਕਰੇ ਸਮੂਏਲ ਨੂੰ ਬੁਰੀ ਲੱਗੀ ਅਤੇ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ।

7ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਲੋਕਾਂ ਦੀ ਅਵਾਜ਼ ਵੱਲ ਅਤੇ ਉਨ੍ਹਾਂ ਸਭਨਾਂ ਗੱਲਾਂ ਵੱਲ ਜੋ ਉਹ ਤੈਨੂੰ ਆਖਣ ਕੰਨ ਲਗਾ, ਕਿਉਂ ਜੋ ਉਨ੍ਹਾਂ ਨੇ ਤੈਨੂੰ ਨਹੀਂ ਤਿਆਗਿਆ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ।

8ਜਦੋਂ ਦਾ ਮੈਂ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਉਸ ਦਿਨ ਤੋਂ ਅੱਜ ਤੱਕ ਉਨ੍ਹਾਂ ਸਾਰਿਆਂ ਕੰਮਾਂ ਦੇ ਅਨੁਸਾਰ ਜੋ ਉਨ੍ਹਾਂ ਨੇ ਕੀਤੇ, ਜਿਵੇਂ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਹੋਰਨਾਂ ਦੇਵੀ-ਦੇਵਤਿਆਂ ਦੀ ਸੇਵਾ ਕੀਤੀ ਅਜਿਹਾ ਹੀ ਉਹ ਤੇਰੇ ਨਾਲ ਕਰਦੇ ਹਨ।

9ਇਸ ਲਈ ਉਨ੍ਹਾਂ ਦੀ ਗੱਲ ਤੂੰ ਸੁਣ। ਤੂੰ ਵੀ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਦੱਸ ਦੇ ਕਿ ਜਿਹੜਾ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ ਉਸ ਦਾ ਵਰਤਾਉ ਉਹਨਾਂ ਨਾਲ ਕਿਹੋ ਜਿਹਾ ਹੋਵੇਗਾ।

10ਸਮੂਏਲ ਨੇ ਉਨ੍ਹਾਂ ਲੋਕਾਂ ਨੂੰ ਜੋ ਉਸ ਦੇ ਕੋਲੋਂ ਰਾਜੇ ਦੀ ਮੰਗ ਕਰਦੇ ਸਨ, ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ।

11ਅਤੇ ਉਸ ਨੇ ਆਖਿਆ, ਜਿਹੜਾ ਤੁਹਾਡੇ ਉੱਤੇ ਰਾਜ ਕਰੇਗਾ ਉਸ ਰਾਜੇ ਦਾ ਇਹ ਵਰਤਾਉ ਹੋਵੇਗਾ, ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ ਆਪਣੇ ਲਈ ਅਤੇ ਆਪਣਿਆਂ ਰੱਥਾਂ ਦੇ ਲਈ ਅਤੇ ਆਪਣੇ ਘੋੜਿਆਂ ਦੇ ਲਈ ਨੌਕਰ ਰੱਖੇਗਾ ਅਤੇ ਉਹ ਉਸ ਦੇ ਰੱਥਾਂ ਦੇ ਅੱਗੇ ਭੱਜਣਗੇ।

12ਅਤੇ ਆਪਣੇ ਲਈ ਹਜ਼ਾਰਾਂ ਉੱਤੇ ਸਰਦਾਰ ਅਤੇ ਪੰਜਾਹਾਂ ਉੱਤੇ ਸਰਦਾਰ ਬਣਾਵੇਗਾ ਅਤੇ ਉਹਨਾਂ ਕੋਲੋਂ ਖੇਤੀ ਅਤੇ ਵਾਢੀ ਕਰਾਵੇਗਾ ਅਤੇ ਆਪਣੇ ਲਈ ਲੜਾਈ ਦੇ ਹਥਿਆਰ ਅਤੇ ਰੱਥਾਂ ਦਾ ਸਮਾਨ ਤਿਆਰ ਕਰਾਵੇਗਾ,

13ਅਤੇ ਤੁਹਾਡੀਆਂ ਧੀਆਂ ਤੋਂ ਰਸੋਈ ਦੇ ਕੰਮ ਕਰਾਵੇਗਾ,

14ਅਤੇ ਤੁਹਾਡੀਆਂ ਪੈਲੀਆਂ ਅਤੇ ਤੁਹਾਡੇ ਦਾਖਾਂ ਦੇ ਬਾਗ਼ਾਂ ਅਤੇ ਤੁਹਾਡੇ ਜ਼ੈਤੂਨ ਦੇ ਬਾਗ਼ਾਂ ਨੂੰ ਜੋ ਚੰਗੇ-ਚੰਗੇ ਹੋਣਗੇ ਲੈ ਲਵੇਗਾ ਅਤੇ ਆਪਣੇ ਨੌਕਰਾਂ ਨੂੰ ਦੇ ਦੇਵੇਗਾ।

15ਅਤੇ ਤੁਹਾਡੇ ਬੀਜ ਅਤੇ ਦਾਖ ਦੇ ਬਾਗ਼ਾਂ ਦਾ ਦਸਵੰਧ ਲੈ ਕੇ ਆਪਣੇ ਖੁਸਰਿਆਂ ਅਤੇ ਆਪਣਿਆਂ ਸੇਵਕਾਂ ਨੂੰ ਦੇ ਦੇਵੇਗਾ।

16ਅਤੇ ਤੁਹਾਡੇ ਦਾਸ ਅਤੇ ਦਾਸੀਆਂ ਅਤੇ ਤੁਹਾਡੇ ਸੋਹਣੇ ਜੁਆਨਾਂ8:16 ਜਾਂ ਡੰਗਰ ਨੂੰ ਅਤੇ ਤੁਹਾਡੇ ਗਧਿਆਂ ਨੂੰ ਲੈ ਕੇ ਆਪਣੇ ਕੰਮ ਲਵੇਗਾ

17ਅਤੇ ਤੁਹਾਡੀਆਂ ਭੇਡਾਂ ਬੱਕਰੀਆਂ ਦਾ ਦਸਵੰਧ ਵੀ ਲਵੇਗਾ ਸੋ ਤੁਸੀਂ ਉਸ ਦੇ ਗ਼ੁਲਾਮ ਬਣੋਗੇ,

18ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਗੇ, ਪਰ ਉਸ ਦਿਨ ਯਹੋਵਾਹ ਤੁਹਾਡੀ ਨਾ ਸੁਣੇਗਾ!

19ਫਿਰ ਵੀ ਲੋਕਾਂ ਨੇ ਸਮੂਏਲ ਦੀ ਗੱਲ ਨਾ ਮੰਨੀ ਅਤੇ ਆਖਿਆ, ਨਹੀਂ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ।

20ਜੋ ਅਸੀਂ ਵੀ ਹੋਰ ਸਾਰੀਆਂ ਕੌਮਾਂ ਵਰਗੇ ਹੋਈਏ ਅਤੇ ਸਾਡਾ ਰਾਜਾ ਸਾਡਾ ਨਿਆਂ ਕਰੇ ਅਤੇ ਸਾਡੇ ਅੱਗੇ-ਅੱਗੇ ਤੁਰੇ ਅਤੇ ਸਾਡੇ ਲਈ ਲੜਾਈ ਕਰੇ।

21ਤਦ ਸਮੂਏਲ ਨੇ ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਅਤੇ ਯਹੋਵਾਹ ਨੂੰ ਦੱਸਿਆ।

22ਯਹੋਵਾਹ ਨੇ ਸਮੂਏਲ ਨੂੰ ਆਖਿਆ, ਤੂੰ ਉਹਨਾਂ ਦੀ ਗੱਲ ਮੰਨ ਅਤੇ ਉਹਨਾਂ ਲਈ ਇੱਕ ਰਾਜਾ ਚੁਣ। ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, ਕਿ ਤੁਸੀਂ ਸਭ ਆਪੋ ਆਪਣੇ ਸ਼ਹਿਰਾਂ ਨੂੰ ਜਾਓ।

← 1 ਸਮੂ 7 1 ਸਮੂ 1 ਸਮੂ 9 →