We Believe JesusFé, Esperança e Nova Vida

1 ਰਾਜਾ 3

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 1 ਰਾਜਾ 2 1 ਰਾਜਾ 1 ਰਾਜਾ 4 →

1ਸੁਲੇਮਾਨ ਨੇ ਮਿਸਰ ਦੇ ਪਾਤਸ਼ਾਹ ਫ਼ਿਰਊਨ ਨਾਲ ਰਿਸ਼ਤੇਦਾਰੀ ਬਣਾਈ ਅਤੇ ਫ਼ਿਰਊਨ ਦੀ ਧੀ ਨੂੰ ਵਿਆਹ ਕੇ ਲੈ ਆਇਆ। ਉਸ ਨੂੰ ਆਪਣਾ ਮਹਿਲ, ਯਹੋਵਾਹ ਦਾ ਭਵਨ ਅਤੇ ਯਰੂਸ਼ਲਮ ਦੀ ਸ਼ਹਿਰ ਪਨਾਹ ਬਣਨ ਤੱਕ ਦਾਊਦ ਦੇ ਸ਼ਹਿਰ ਵਿੱਚ ਰੱਖਿਆ।

2ਲੋਕ ਕੇਵਲ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਸਨ, ਕਿਉਂ ਜੋ ਕੋਈ ਭਵਨ ਯਹੋਵਾਹ ਦੇ ਨਾਮ ਲਈ ਅਜੇ ਤੱਕ ਬਣਿਆ ਨਹੀਂ ਸੀ।

3ਸੁਲੇਮਾਨ ਯਹੋਵਾਹ ਨਾਲ ਪ੍ਰੇਮ ਰੱਖਦਾ ਸੀ ਅਤੇ ਆਪਣੇ ਪਿਤਾ ਦਾਊਦ ਦੀਆਂ ਬਿਧੀਆਂ ਉੱਤੇ ਚੱਲਦਾ ਸੀ, ਪਰ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਸੀ।

4ਪਾਤਸ਼ਾਹ ਹੋਮ ਬਲੀ ਲਈ ਗਿਬਓਨ ਸ਼ਹਿਰ ਨੂੰ ਗਿਆ ਕਿਉਂ ਜੋ ਉਹ ਉੱਚਾ ਅਤੇ ਵੱਡਾ ਥਾਂ ਸੀ ਅਤੇ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ ਇੱਕ ਹਜ਼ਾਰ ਬਲੀਆਂ ਚੜ੍ਹਾਈਆਂ।

5ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸੁਲੇਮਾਨ ਨੂੰ ਯਹੋਵਾਹ ਦਾ ਦਰਸ਼ਣ ਹੋਇਆ। ਪਰਮੇਸ਼ੁਰ ਨੇ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ?

6ਸੁਲੇਮਾਨ ਨੇ ਆਖਿਆ, ਤੂੰ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸਚਿਆਈ, ਧਰਮ ਅਤੇ ਮਨ ਦੀ ਖ਼ਰਾਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੂੰ ਉਹ ਦੇ ਲਈ ਉਸ ਵੱਡੀ ਦਯਾ ਦੀ ਪਾਲਣਾ ਕੀਤੀ ਕਿ ਉਹ ਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹ ਦੀ ਰਾਜ ਗੱਦੀ ਉੱਤੇ ਬੈਠਾ ਹੈ, ਜਿਵੇਂ ਅੱਜ ਦੇ ਦਿਨ ਹੈ।

7ਹੁਣ ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੂੰ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ।

8ਤੇਰਾ ਦਾਸ ਤੇਰੀ ਪਰਜਾ ਦੇ ਵਿਚਕਾਰ ਹੈ ਜਿਸ ਨੂੰ ਤੂੰ ਚੁਣਿਆ ਹੈ। ਉਹ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਨ੍ਹਾਂ ਦਾ ਲੇਖਾ ਹੀ ਹੋ ਸਕਦਾ ਹੈ।

9ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ ਕਿ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ, ਇਸ ਲਈ ਕਿ ਮੈਂ ਭਲੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੀ ਐਨੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?

10ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ, ਕਿ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ।

11ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਹੈ ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ, ਪਰ ਆਪਣੇ ਲਈ ਨਿਆਂ ਦੇ ਸੁਣਨ ਲਈ ਬੁੱਧ ਮੰਗੀ ਹੈ।

12ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ ਹੈ, ਅਜਿਹਾ ਜੋ ਤੇਰੇ ਵਰਗਾ ਤੇਰੇ ਨਾਲੋਂ ਪਹਿਲਾਂ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਬਾਅਦ ਕੋਈ ਤੇਰੇ ਵਰਗਾ ਉੱਠੇਗਾ।

13ਮੈਂ ਤੈਨੂੰ ਜੋ ਤੂੰ ਨਹੀਂ ਮੰਗਿਆ ਉਹ ਵੀ ਦਿੱਤਾ, ਧਨ ਅਤੇ ਇੱਜ਼ਤ ਵੀ ਅਜਿਹਾ ਜੋ ਪਾਤਸ਼ਾਹਾਂ ਦੇ ਵਿੱਚੋਂ ਤੇਰੇ ਵਰਗਾ ਤੇਰੇ ਸਾਰੇ ਦਿਨਾਂ ਵਿੱਚ ਕੋਈ ਮਨੁੱਖ ਨਹੀਂ ਹੋਵੇਗਾ।

14ਜੇਕਰ ਤੂੰ ਮੇਰੇ ਮਾਰਗ ਉੱਤੇ ਚੱਲੇਂਗਾ ਅਤੇ ਮੇਰੀਆਂ ਬਿਧੀਆਂ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੇਰੀ ਉਮਰ ਵਧਾਵਾਂਗਾ।

15ਤਦ ਸੁਲੇਮਾਨ ਜਾਗ ਉੱਠਿਆ ਅਤੇ ਵੇਖਿਆ ਕਿ ਇਹ ਤਾਂ ਸੁਫ਼ਨਾ ਹੈ। ਫੇਰ ਉਹ ਯਰੂਸ਼ਲਮ ਨੂੰ ਆਇਆ ਅਤੇ ਪ੍ਰਭੂ ਦੇ ਨੇਮ ਦੇ ਸੰਦੂਕ ਅੱਗੇ ਖੜ੍ਹਾ ਰਿਹਾ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਤਿਆਰ ਕੀਤੀਆਂ ਅਤੇ ਆਪਣੇ ਸੇਵਕਾਂ ਲਈ ਦਾਵਤ ਕੀਤੀ।

16ਉਸ ਵੇਲੇ ਦੋ ਔਰਤਾਂ ਜਿਹੜੀਆਂ ਵੇਸਵਾਂ ਸਨ ਪਾਤਸ਼ਾਹ ਦੇ ਸਨਮੁਖ ਆ ਖੜ੍ਹੀਆਂ।

17ਇੱਕ ਔਰਤ ਨੇ ਆਖਿਆ, ਹੇ ਮੇਰੇ ਮਾਲਕ, ਅਸੀਂ ਦੋਵੇਂ ਔਰਤਾਂ ਇੱਕੋ ਘਰ ਵਿੱਚ ਰਹਿੰਦੀਆਂ ਹਾਂ ਅਤੇ ਮੈਂ ਘਰ ਵਿੱਚ ਉਸ ਦੇ ਨਾਲ ਰਹਿੰਦਿਆਂ ਇੱਕ ਬੱਚੇ ਨੂੰ ਜਨਮ ਦਿੱਤਾ।

18ਤਦ ਤੀਜੇ ਦਿਨ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਬੱਚੇ ਨੂੰ ਜਨਮ ਦੇ ਚੁੱਕੀ, ਤਾਂ ਇਹ ਔਰਤ ਨੇ ਵੀ ਇੱਕ ਬੱਚੇ ਨੂੰ ਜਨਮ ਦਿੱਤਾ, ਅਸੀਂ ਇਕੱਠੀਆਂ ਸੀ ਅਤੇ ਸਾਡੇ ਨਾਲ ਘਰ ਵਿੱਚ ਕੋਈ ਓਪਰਾ ਨਹੀਂ ਸੀ, ਇੱਥੋਂ ਤੱਕ ਕਿ ਘਰ ਵਿੱਚ ਸਾਡੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ।

19ਇਸ ਔਰਤ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੋ ਇਹ ਉਹ ਦੇ ਉੱਤੇ ਲੇਟ ਗਈ ਸੀ।

20ਤਦ ਇਹ ਅੱਧੀ ਰਾਤ ਨੂੰ ਉੱਠੀ, ਜਦ ਤੇਰੀ ਦਾਸੀ ਸੁੱਤੀ ਹੋਈ ਸੀ, ਤਾਂ ਮੇਰੇ ਬੱਚੇ ਨੂੰ ਮੇਰੇ ਨਾਲੋਂ ਲਿਆ ਅਤੇ ਆਪਣੀ ਹਿੱਕ ਨਾਲ ਲਿਟਾ ਲਿਆ ਅਤੇ ਆਪਣਾ ਮੁਰਦਾ ਬੱਚਾ ਮੇਰੀ ਹਿੱਕ ਨਾਲ ਲਿਟਾ ਦਿੱਤਾ।

21ਸਵੇਰ ਨੂੰ ਜਦ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਉੱਠੀ ਤਾਂ ਵੇਖੋ ਉਹ ਮਰਿਆ ਪਿਆ ਸੀ, ਪਰ ਜਦ ਸਵੇਰ ਦੇ ਚਾਨਣ ਵਿੱਚ ਮੈਂ ਉਸ ਨੂੰ ਧਿਆਨ ਦੇ ਨਾਲ ਵੇਖਿਆ, ਤਾਂ ਇਹ ਮੇਰਾ ਬੱਚਾ ਨਹੀਂ ਸੀ l

22ਤਦ ਦੂਜੀ ਔਰਤ ਨੇ ਆਖਿਆ, ਇਸ ਤਰ੍ਹਾਂ ਨਹੀਂ ਹੈ, ਸਗੋਂ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ। ਪਹਿਲੀ ਨੇ ਆਖਿਆ, ਇਸ ਤਰ੍ਹਾਂ ਨਹੀਂ ਤੇਰਾ ਬੱਚਾ ਮਰਿਆ ਹੋਇਆ ਹੈ ਅਤੇ ਮੇਰਾ ਬੱਚਾ ਜਿਉਂਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਗੱਲਾਂ ਕੀਤੀਆਂ।

23ਤਦ ਪਾਤਸ਼ਾਹ ਨੇ ਆਖਿਆ, ਇੱਕ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ ਹੈ ਅਤੇ ਦੂਸਰੀ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ।

24ਪਾਤਸ਼ਾਹ ਨੇ ਆਖਿਆ, ਮੇਰੇ ਲਈ ਇੱਕ ਤਲਵਾਰ ਲੈ ਆਓ ਤਾਂ ਉਹ ਪਾਤਸ਼ਾਹ ਦੇ ਸਨਮੁਖ ਇੱਕ ਤਲਵਾਰ ਲੈ ਆਏ।

25ਪਾਤਸ਼ਾਹ ਨੇ ਆਖਿਆ, ਇਸ ਜਿਉਂਦੇ ਬੱਚੇ ਨੂੰ ਦੋ ਹਿੱਸਿਆਂ ਵਿੱਚ ਚੀਰ ਸੁੱਟੋ। ਅੱਧਾ ਇੱਕ ਨੂੰ ਦੇ ਦਿਓ ਅਤੇ ਅੱਧਾ ਦੂਜੀ ਨੂੰ।

26ਤਦ ਉਹ ਔਰਤ ਜਿਸ ਦਾ ਬੱਚਾ ਜਿਉਂਦਾ ਸੀ ਪਾਤਸ਼ਾਹ ਨੂੰ ਆਖਣ ਲੱਗੀ, ਹੇ ਮੇਰੇ ਮਾਲਕ, ਜਿਉਂਦਾ ਬੱਚਾ ਇਸੇ ਨੂੰ ਦੇ ਦਿਓ ਅਤੇ ਉਸ ਨੂੰ ਨਾ ਮਾਰੋ ਕਿਉਂ ਜੋ ਉਸ ਦੀ ਮਮਤਾ ਆਪਣੇ ਬੱਚੇ ਲਈ ਬਲ ਉੱਠੀ ਸੀ। ਦੂਜੀ ਨੇ ਆਖਿਆ, ਇਹ ਨਾ ਮੇਰਾ ਰਹੇ ਨਾ ਤੇਰਾ ਸਗੋਂ ਚੀਰਿਆ ਜਾਵੇ।

27ਪਾਤਸ਼ਾਹ ਨੇ ਉੱਤਰ ਦੇ ਕੇ ਆਖਿਆ ਕਿ ਜਿਉਂਦਾ ਬੱਚਾ ਇਸੇ ਨੂੰ ਦੇ ਦਿਓ ਅਤੇ ਨਾ ਮਾਰੋ ਕਿਉਂ ਜੋ ਇਸ ਦੀ ਮਾਤਾ ਇਹੋ ਹੀ ਹੈ।

28ਤਦ ਸਾਰੇ ਇਸਰਾਏਲ ਨੇ ਇਸ ਨਿਆਂ ਨੂੰ ਸੁਣਿਆ ਜਿਹੜਾ ਨਿਆਂ ਪਾਤਸ਼ਾਹ ਨੇ ਕੀਤਾ, ਤਾਂ ਉਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਦੀ ਬੁੱਧ ਨਿਆਂ ਕਰਨ ਲਈ ਉਸ ਦੇ ਵਿੱਚ ਹੈ।

← 1 ਰਾਜਾ 2 1 ਰਾਜਾ 1 ਰਾਜਾ 4 →