We Believe JesusFé, Esperança e Nova Vida

1 ਕੁਰਿੰਥੀ 6

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← 1 ਕੁਰਿੰਥੀ 5 1 ਕੁਰਿੰਥੀ 1 ਕੁਰਿੰਥੀ 7 →

1ਜਦ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਸੰਤਾਂ ਕੋਲ ਜਾਣ ਦੀ ਬਜਾਏ ਅਧਰਮੀਆਂ ਕੋਲ ਨਿਆਂ ਲਈ ਜਾਵੇ?

2ਕੀ ਤੁਸੀਂ ਨਹੀਂ ਜਾਣਦੇ ਭਈ ਸੰਤ ਸੰਸਾਰ ਦਾ ਨਿਆਂ ਕਰਨਗੇ? ਅਤੇ ਜੇ ਸੰਸਾਰ ਦਾ ਨਿਆਂ ਤੁਹਾਡੇ ਤੋਂ ਹੋਣਾ ਹੈ ਤਾਂ ਭਲਾ, ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਬੇੜਾ ਕਰਨ ਦੇ ਯੋਗ ਨਹੀਂ ਹੋ?

3ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਫੇਰ ਕਿੰਨ੍ਹਾਂ ਵੱਧਕੇ ਸੰਸਾਰੀ ਗੱਲਾਂ ਦਾ?

4ਉਪਰੰਤ ਜੇ ਤੁਹਾਨੂੰ ਸੰਸਾਰੀ ਗੱਲਾਂ ਦਾ ਨਬੇੜਾ ਕਰਨਾ ਪੈਂਦਾ ਹੈ ਤਾਂ ਜਿਹੜੇ ਕਲੀਸਿਯਾ ਵਿੱਚ ਕੁਝ ਗਿਣੇ ਜਾਂਦੇ ਹਨ ਭਲਾ, ਤੁਸੀਂ ਉਹਨਾਂ ਨੂੰ ਠਹਿਰਾਉਂਦੇ ਹੋ?

5ਮੈਂ ਤੁਹਾਨੂੰ ਲੱਜਿਆਵਾਨ ਕਰਨ ਲਈ ਇਹ ਆਖਦਾ ਹਾਂ। ਕੀ ਤੁਹਾਡੇ ਵਿੱਚ ਇੱਕ ਵੀ ਐਨਾ ਬੁੱਧਵਾਨ ਨਹੀਂ ਜੋ ਆਪਣੇ ਭਰਾਵਾਂ ਦਾ ਮੁਕੱਦਮਾ ਨਬੇੜ ਸਕੇ?

6ਸਗੋਂ ਭਰਾ ਭਰਾ ਉੱਤੇ ਮੁਕੱਦਮਾ ਕਰਦਾ ਹੈ ਉਹ ਵੀ ਅਵਿਸ਼ਵਾਸੀਆਂ ਦੇ ਅੱਗੇ।

7ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਬੇਇਨਸਾਫੀ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਸਗੋਂ ਠੱਗੀ ਕਿਉਂ ਨਹੀਂ ਸਹਾਰਦੇ?

8ਪਰ ਤੁਸੀਂ ਆਪੇ ਬੇਇਨਸਾਫੀ ਅਤੇ ਠੱਗੀ ਕਰਦੇ ਹੋ ਉਹ ਵੀ ਆਪਣੇ ਭਰਾਵਾਂ ਨਾਲ!

9ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼।

10ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ।

11ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ।

12ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰੰਤੂ ਸਾਰੀਆਂ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰ ਮੈਂ ਕਿਸੇ ਵਸਤੂ ਦੇ ਅਧੀਨ ਨਹੀਂ ਹੋਵਾਂਗਾ।

13ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਪਰੰਤੂ ਪਰਮੇਸ਼ੁਰ ਦੋਵਾਂ ਦਾ ਨਾਸ ਕਰੇਗਾ ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ।

14ਅਤੇ ਪਰਮੇਸ਼ੁਰ ਨੇ ਨਾਲੇ ਪ੍ਰਭੂ ਨੂੰ ਜਿਵਾ ਕੇ ਉੱਠਾਇਆ, ਨਾਲੇ ਸਾਨੂੰ ਆਪਣੀ ਸਮਰੱਥਾ ਨਾਲ ਜਿਵਾ ਕੇ ਉੱਠਾਏਗਾ।

15ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਕਦੇ ਨਹੀਂ!

16ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜੋ ਕੋਈ ਕੰਜਰੀ ਨਾਲ ਸੰਗ ਕਰਦਾ ਹੈ ਸੋ ਉਹ ਦੇ ਨਾਲ ਇੱਕ ਦੇਹੀ ਹੋ ਜਾਂਦਾ ਹੈ? ਕਿਉਂ ਜੋ ਉਹ ਆਖਦਾ ਹੈ ਭਈ ਉਹ ਦੋਵੇਂ ਇੱਕ ਸਰੀਰ ਹੋਣਗੇ।

17ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ।

18ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।

19ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ?

20ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।

← 1 ਕੁਰਿੰਥੀ 5 1 ਕੁਰਿੰਥੀ 1 ਕੁਰਿੰਥੀ 7 →